ਦੁਬਈ ਵਿੱਚ ਮੰਗਲਵਾਰ ਨੂੰ ਜਾਰੀ ਕੀਤੀ ਗਈ ਆਈਸੀਸੀ ਮਹਿਲਾ ਟੀ-20 ਰੈਂਕਿੰਗ ਵਿੱਚ ਭਾਰਤ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ ਵਿੱਚ ਇੱਕ ਸਥਾਨ ਹੇਠਾਂ ਖਿਸਕ ਕੇ ਪੰਜਵੇਂ ਸਥਾਨ ‘ਤੇ ਆ ਗਈ ਹੈ। ਦੂਜੇ ਪਾਸੇ, ਆਲਰਾਊਂਡਰ ਦੀਪਤੀ ਸ਼ਰਮਾ ਗੇਂਦਬਾਜ਼ਾਂ ਦੀ ਸੂਚੀ ਵਿੱਚ ਸੁਧਾਰ ਕਰਦਿਆਂ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੱਖਣੀ ਅਫਰੀਕਾ ਵਿਰੁੱਧ ਹਾਲ ਹੀ ਵਿੱਚ ਖ਼ਤਮ ਹੋਈ ਲੜੀ ਵਿੱਚ 169 ਦੌੜਾਂ ਬਣਾ ਕੇ ਇੱਕ ਅੰਕ ’ਤੇ ਪੁੱਜੀ ਹੈ ਅਤੇ ਉਹ 646 ਅੰਕਾਂ ਨਾਲ ਮੁੜ ਚੋਟੀ ਦੇ 10 ਬੱਲੇਬਾਜ਼ਾਂ ਵਿੱਚ ਸ਼ਾਮਲ ਹੋ ਗਈ ਹੈ। ਬੱਲੇਬਾਜ਼ ਰਿਚਾ ਘੋਸ਼ ਵੀ 22ਵੇਂ ਨੰਬਰ ‘ਤੇ ਪਹੁੰਚ ਗਈ ਹੈ।
ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਡ ਨੇ ਦੋ ਸਥਾਨਾਂ ਦਾ ਸੁਧਾਰ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਹ ਹੁਣ 786 ਰੇਟਿੰਗ ਅੰਕਾਂ ਨਾਲ ਦੂਜੇ ਨੰਬਰ ‘ਤੇ ਮੌਜੂਦ ਬੈਥ ਮੂਨੀ ਤੋਂ ਸਿਰਫ਼ ਦੋ ਅੰਕ ਪਿੱਛੇ ਹੈ। ਜਾਰਜੀਆ ਵੋਲ 815 ਅੰਕਾਂ ਨਾਲ ਬੱਲੇਬਾਜ਼ੀ ਰੈਂਕਿੰਗ ਵਿੱਚ ਚੋਟੀ ‘ਤੇ ਹੈ। ਵੋਲਵਾਰਡ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ ਕੁੱਲ 330 ਦੌੜਾਂ ਬਣਾਈਆਂ, ਜੋ ਕਿ ਕਿਸੇ ਵੀ ਮਹਿਲਾ ਦੁਵੱਲੀ ਟੀ-20 ਸੀਰੀਜ਼ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ। ਉਹਨਾਂ ਦੀ ਟੀਮ ਨੇ ਇਹ ਸੀਰੀਜ਼ 4-1 ਨਾਲ ਜਿੱਤੀ ਹੈ।
ਟੀ-20 ਗੇਂਦਬਾਜ਼ਾਂ ਦੀ ਸੂਚੀ ਵਿੱਚ ਪਾਕਿਸਤਾਨ ਦੀ ਸਪਿੰਨਰ ਸਾਦੀਆ ਇਕਬਾਲ ਅਜੇ ਵੀ ਪਹਿਲੇ ਨੰਬਰ ‘ਤੇ ਹੈ। ਭਾਰਤ ਦੀ ਦੀਪਤੀ ਸ਼ਰਮਾ ਅਤੇ ਦੱਖਣੀ ਅਫਰੀਕਾ ਦੀ ਸਪਿੰਨਰ ਨੋਨਕੁਲੁਲੇਕੋ ਮਲਾਬਾ (ਜੋ ਦੋ ਸਥਾਨ ਉੱਪਰ ਆਈ ਹੈ) ਸਾਂਝੇ ਤੌਰ ’ਤੇ ਚੌਥੇ ਸਥਾਨ ‘ਤੇ ਹਨ। ਭਾਰਤ ਦੀ ਨੌਜਵਾਨ ਖਿਡਾਰਨ ਸ੍ਰੀ ਚਰਨੀ ਨੇ ਵੀ ਵੱਡੀ ਪੁਲਾਂਘ ਪੁੱਟੀ ਹੈ। ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਦੇ ਆਖਰੀ ਮੈਚ ਵਿੱਚ ਦੋ ਵਿਕਟਾਂ ਹਾਸਲ ਕਰਨ ਤੋਂ ਬਾਅਦ ਉਹ 12 ਖਿਡਾਰਨਾਂ ਨੂੰ ਪਿੱਛੇ ਛੱਡ ਕੇ ਆਪਣੇ ਕਰੀਅਰ ਦੀ ਸਰਵੋਤਮ 11ਵੀਂ ਰੈਂਕਿੰਗ ‘ਤੇ ਪਹੁੰਚ ਗਈ ਹੈ।
ਵਨਡੇ (ODI) ਰੈਂਕਿੰਗ ਵਿੱਚ ਬਦਲਾਅ
ਬੰਗਲਾਦੇਸ਼ ਅਤੇ ਸ੍ਰੀਲੰਕਾ ਵਿਚਾਲੇ ਹੋਈ ਘਰੇਲੂ ਸੀਰੀਜ਼ ਤੋਂ ਬਾਅਦ ਵਨਡੇਅ ਰੈਂਕਿੰਗ ਵਿੱਚ ਵੀ ਕੁਝ ਬਦਲਾਅ ਹੋਏ ਹਨ। ਬੰਗਲਾਦੇਸ਼ ਦੀ ਨਿਗਾਰ ਸੁਲਤਾਨਾ (35ਵੇਂ ਸਥਾਨ ‘ਤੇ) ਅਤੇ ਸੋਭਨਾ ਮੋਸਤਰੀ (45ਵੇਂ ਸਥਾਨ ‘ਤੇ) ਨੇ ਬੱਲੇਬਾਜ਼ੀ ਵਿੱਚ ਸੁਧਾਰ ਕੀਤਾ ਹੈ। ਗੇਂਦਬਾਜ਼ੀ ਵਿੱਚ ਬੰਗਲਾਦੇਸ਼ ਦੀ ਨਾਹਿਦਾ ਅਖਤਰ 11ਵੇਂ ਅਤੇ ਮਰੂਫਾ ਅਖਤਰ 37ਵੇਂ ਸਥਾਨ ‘ਤੇ ਪਹੁੰਚ ਗਈ ਹੈ। ਸ਼੍ਰੀਲੰਕਾ ਦੀ ਕਪਤਾਨ ਚਮਾਰੀ ਅੱਟਾਪੱਟੂ ਆਲਰਾਊਂਡਰਾਂ ਦੀ ਸੂਚੀ ਵਿੱਚ ਨੌਵੇਂ ਅਤੇ ਗੇਂਦਬਾਜ਼ਾਂ ਵਿੱਚ ਸਾਂਝੇ ਤੌਰ ‘ਤੇ 34ਵੇਂ ਸਥਾਨ ‘ਤੇ ਆ ਗਈ ਹੈ। ਸ਼੍ਰੀਲੰਕਾ ਦੀ ਹੀ ਹਰਸ਼ਿਤਾ ਸਮਰਾਵਿਕਰਮਾ ਬੱਲੇਬਾਜ਼ੀ ਰੈਂਕਿੰਗ ਵਿੱਚ 20ਵੇਂ ਸਥਾਨ ‘ਤੇ ਪਹੁੰਚ ਗਈ ਹੈ।






