ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਦੇਸ਼ ਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ 29 ਅਪਰੈਲ ਨੂੰ ਵਿਧਾਨ ਸਭਾ ਚੋਣਾਂ ਖ਼ਤਮ ਹੁੰਦੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਹਿੰਦੀ ਵਿੱਚ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਮਿਲੀ ਰਾਹਤ ਹੁਣ ਖ਼ਤਮ ਹੋਣ ਵਾਲੀ ਹੈ ਅਤੇ ਮਹਿੰਗਾਈ ਦੀ ਮਾਰ ਪੈਣ ਵਾਲੀ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਜਦੋਂ ਕੌਮਾਂਤਰੀ ਬਾਜ਼ਾਰ ਵਿੱਚ ਕੱਚਾ ਤੇਲ ਸਸਤਾ ਸੀ ਤਾਂ ਮੋਦੀ ਸਰਕਾਰ ਨੇ ਉਸ ਦਾ ਮੁਨਾਫ਼ਾ ਆਪਣੀਆਂ ਜੇਬਾਂ ਵਿੱਚ ਪਾਇਆ ਪਰ ਹੁਣ ਜਦੋਂ ਤੇਲ ਮਹਿੰਗਾ ਹੋ ਰਿਹਾ ਹੈ ਤਾਂ ਇਸ ਦਾ ਸਾਰਾ ਬੋਝ ਜਨਤਾ ’ਤੇ ਪਾਇਆ ਜਾਵੇਗਾ।
ਰਾਹੁਲ ਗਾਂਧੀ ਨੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਅਜਿਹੀ ਸਰਕਾਰ ਹੈ ਜੋ ਤੇਲ ਸਸਤਾ ਹੋਣ ’ਤੇ ਲੁੱਟ ਕਰਦੀ ਹੈ ਅਤੇ ਮਹਿੰਗਾ ਹੋਣ ’ਤੇ ਜਨਤਾ ਨੂੰ ਮਹਿੰਗਾਈ ਦੀ ਮਾਰ ਹੇਠ ਧੱਕ ਦਿੰਦੀ ਹੈ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿੱਚ ਚੋਣਾਂ ਦਾ ਦੂਜਾ ਪੜਾਅ 29 ਅਪਰੈਲ ਨੂੰ ਹੋਣ ਜਾ ਰਿਹਾ ਹੈ, ਜਦਕਿ ਕੇਰਲ, ਅਸਾਮ, ਪੁਡੂਚੇਰੀ ਅਤੇ ਤਾਮਿਲਨਾਡੂ ਵਿੱਚ ਚੋਣਾਂ ਪਹਿਲਾਂ ਹੀ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਦੇ ਨਤੀਜੇ 4 ਮਈ ਨੂੰ ਆਉਣਗੇ।
ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਖਾਸ ਕਰਕੇ 28 ਫਰਵਰੀ ਨੂੰ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਹੋਰਮੁਜ਼ ਜਲਮਾਰਗ ਦੇ ਬੰਦ ਹੋਣ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ।






