ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਉੱਤਰ-ਪੂਰਬੀ ਅਤੇ ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿਚ ਆਉਣ ਵਾਲੇ ਦਿਨਾਂ ਵਿੱਚ ਝੱਖੜ, ਗਰਜ ਤੇ ਚਮਕ ਨਾਲ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
IMD ਅਨੁਸਾਰ ਇਸ ਹਫ਼ਤੇ ਦੌਰਾਨ ਉਪ-ਹਿਮਾਲੀਅਨ ਖੇਤਰਾਂ ਪੱਛਮੀ ਬੰਗਾਲ, ਸਿੱਕਮ ਅਤੇ ਉੱਤਰ-ਪੂਰਬੀ ਭਾਰਤ ਵਿੱਚ ਗਰਜ ਨਾਲ ਤੂਫ਼ਾਨ ਆ ਸਕਦਾ ਹੈ, 40-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਗੇ ਚਿਤਾਵਨੀ ਦਿੱਤੀ ਹੈ ਕਿ 29 ਅਪਰੈਲ ਨੂੰ ਅਸਾਮ, ਮੇਘਾਲਿਆ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਬਹੁਤ ਭਾਰੀ ਮੀਂਹ ਵੀ ਪੈ ਸਕਦਾ ਹੈ।
ਅਧਿਕਾਰੀਆਂ ਨੇ ਨਿਵਾਸੀਆਂ ਨੂੰ ਖ਼ਰਾਬ ਮੌਸਮ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੂਫ਼ਾਨ ਦੌਰਾਨ ਘਰਾਂ ਦੇ ਅੰਦਰ ਰਹਿਣ, ਬਿਜਲੀ ਲਿਸ਼ਕਣ ਸਮੇਂ ਖੁੱਲ੍ਹੇ ਇਲਾਕਿਆਂ ਵਿੱਚ ਜਾਣ ਤੋਂ ਬਚਣ ਅਤੇ ਯਾਤਰਾ ਦੌਰਾਨ ਸਾਵਧਾਨੀ ਵਰਤਣ ਕਿਉਂਕਿ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ। ਮੌਸਮ ਵਿਭਾਗ ਨੇ ਸਪੱਸ਼ਟ ਕਿਹਾ ਹੈ, “ਤੂਫ਼ਾਨ ਦੌਰਾਨ ਅੰਦਰ ਰਹੋ, ਖੁੱਲ੍ਹੇ ਇਲਾਕਿਆਂ ਤੋਂ ਬਚੋ ਅਤੇ ਸਾਵਧਾਨੀ ਨਾਲ ਯਾਤਰਾ ਕਰੋ।”
ਇਸ ਦੌਰਾਨ, ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਅਤੇ ਓੜੀਸਾ ਦੇ ਹਿੱਸਿਆਂ ਵਿੱਚ ਵੀ ਮੌਸਮ ਬਦਲਣ ਵਾਲਾ ਹੈ। ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਉੱਤਰ ਪ੍ਰਦੇਸ਼ ਦੇ ਉੱਪਰ ਬਣਿਆ ਸਿਸਟਮ ਹੌਲੀ-ਹੌਲੀ ਬਿਹਾਰ ਵੱਲ ਵਧ ਰਿਹਾ ਹੈ ਅਤੇ ਝਾਰਖੰਡ ਵਿੱਚ ਗਰਜ-ਤੂਫ਼ਾਨ ਦੀ ਗਤੀਵਿਧੀ ਗੰਗਾ ਦੇ ਮੈਦਾਨੀ ਪੱਛਮੀ ਬੰਗਾਲ ਵੱਲ ਵੱਧ ਰਹੀ ਹੈ। ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਮੀਂਹ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਕਾਰਨ ਹੋਣ ਵਾਲੇ ਸੰਭਾਵੀ ਨੁਕਸਾਨ ਬਾਰੇ ਸੁਚੇਤ ਕੀਤਾ ਗਿਆ ਹੈ।
ਦੂਜੇ ਪਾਸੇ, ਮੰਗਲਵਾਰ ਨੂੰ ਸ਼ਿਮਲਾ ਵਿੱਚ ਹੋਈ ਤਾਜ਼ਾ ਬਾਰਿਸ਼ ਨੇ ਵਧਦੇ ਤਾਪਮਾਨ ਤੋਂ ਰਾਹਤ ਦਿੱਤੀ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ 48 ਘੰਟਿਆਂ ਲਈ ਮੀਂਹ ਅਤੇ ਗੜੇਮਾਰੀ ਦਾ ਓਰੈਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿੱਚ ਆਏ ਇਸ ਅਚਾਨਕ ਬਦਲਾਅ ਨੇ ਪਹਾੜੀ ਰਾਜਧਾਨੀ ਨੂੰ ਸੈਲਾਨੀਆਂ ਲਈ ਹੋਰ ਵੀ ਆਕਰਸ਼ਕ ਬਣਾ ਦਿੱਤਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਪੰਜਾਬ, ਹਰਿਆਣਾ ਅਤੇ ਉੱਤਰੀ ਭਾਰਤ ਦੇ ਹੋਰ ਮੈਦਾਨੀ ਇਲਾਕਿਆਂ ਤੋਂ ਆ ਰਹੇ ਹਨ ਜਿੱਥੇ ਤਾਪਮਾਨ 40°C ਤੋਂ 45°C ਦੇ ਵਿਚਕਾਰ ਚੱਲ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਦੱਖਣੀ ਖੇਤਰਾਂ ਤੋਂ ਆਏ ਸੈਲਾਨੀ ਮੀਂਹ ਤੋਂ ਬਾਅਦ ਹੋਈ ਠੰਢ ਦਾ ਆਨੰਦ ਮਾਣਦੇ ਦੇਖੇ ਗਏ।






