ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਟ੍ਰਿਬਿਊਨ ਸਮੂਹ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਲੋਕਾਂ ਨੇ ਮਾਫੀਆ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਖਿਲਾਫ ਵੋਟ ਪਾਈ ਹੈ, ਉਸੇ ਤਰ੍ਹਾਂ ਹੁਣ ਪੰਜਾਬ ਦੀ ਵਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਵੀ ਜਲਦ ਹੀ ‘ਤਖਤਾ ਪਲਟ’ ਦੇਖਣ ਨੂੰ ਮਿਲੇਗਾ ਕਿਉਂਕਿ ਇੱਥੋਂ ਦੇ ਲੋਕ ਵੀ ਬਿਹਤਰੀ ਲਈ ਬਦਲਾਅ ਚਾਹੁੰਦੇ ਹਨ।
ਬਿੱਟੂ ਨੇ ਪੰਜਾਬ ਦੀ ਮੌਜੂਦਾ ਸਥਿਤੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਇਸ ਵੇਲੇ ਸ਼ਾਂਤ ਹਨ ਕਿਉਂਕਿ ਉਨ੍ਹਾਂ ‘ਤੇ ਕੇਸ ਦਰਜ ਕੀਤੇ ਜਾਣ ਦਾ ਡਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, “ਭਾਵੇਂ ਲੋਕ ਹਾਲੇ ਚੁੱਪ ਹਨ ਪਰ ਉਨ੍ਹਾਂ ਨੇ ਭਾਜਪਾ ਨੂੰ ਵੋਟ ਪਾਉਣ ਦਾ ਮਨ ਬਣਾ ਲਿਆ ਹੈ। ਵੋਟਿੰਗ ਵਾਲੇ ਦਿਨ ਪੰਜਾਬ ਵਿੱਚ ਸਿਰਫ਼ ਭਾਜਪਾ ਹੀ ਨਜ਼ਰ ਆਵੇਗੀ।” ਉਨ੍ਹਾਂ ਅਨੁਸਾਰ ਪੰਜਾਬ ਦੀ ਜਨਤਾ ਮੌਜੂਦਾ ਮੁੱਦਿਆਂ ਤੋਂ ਤੰਗ ਆ ਚੁੱਕੀ ਹੈ ਅਤੇ ਵਿਕਾਸ ਵੱਲ ਵੇਖ ਰਹੀ ਹੈ।
ਬਿੱਟੂ ਨੇ ਪੱਛਮੀ ਬੰਗਾਲ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉੱਥੇ ਵੀ ਮਾਫੀਆ ਰਾਜ, ਨਸ਼ੇ ਅਤੇ ਰੇਤ ਮਾਈਨਿੰਗ ਵਰਗੀਆਂ ਸਮੱਸਿਆਵਾਂ ਸਿਖਰ ‘ਤੇ ਸਨ, ਜਿਸ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਪ੍ਰਦਰਸ਼ਨ ਨੇ ਭਾਜਪਾ ਵਰਕਰਾਂ ਦੇ ਹੌਸਲੇ ਬਹੁਤ ਬੁਲੰਦ ਕੀਤੇ ਹਨ। ਉਨ੍ਹਾਂ ਮੁਤਾਬਕ ਭਾਜਪਾ ਸਿਰਫ਼ ਵਿਕਾਸ ਦੇ ਏਜੰਡੇ ‘ਤੇ ਕੰਮ ਕਰਦੀ ਹੈ, ਜਦਕਿ ਸੂਬਾ ਸਰਕਾਰਾਂ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਕੇਂਦਰ ਸਰਕਾਰ ‘ਤੇ ਇਲਜ਼ਾਮ ਲਗਾਉਣ ਵਿੱਚ ਰੁੱਝੀਆਂ ਰਹਿੰਦੀਆਂ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਹੋਰ ਸੂਬਾ ਸਰਕਾਰਾਂ ਭਾਜਪਾ ਦਾ ਮਜ਼ਾਕ ਉਡਾਉਣ ਅਤੇ ਕੇਂਦਰ ਨਾਲ ਲੜਨ ਵਿੱਚ ਸਮਾਂ ਬਰਬਾਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਸੱਚਾਈ ਨੂੰ ਸਮਝ ਗਏ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਸੂਬਾ ਵੀ ਤਰੱਕੀ ਦੀ ਰਾਹ ‘ਤੇ ਚੱਲੇ। ਉਨ੍ਹਾਂ ਭਰੋਸਾ ਜਤਾਇਆ ਕਿ ਪੱਛਮੀ ਬੰਗਾਲ ਤੋਂ ਸ਼ੁਰੂ ਹੋਇਆ ਇਹ ਬਦਲਾਅ ਦਾ ਰੁਝਾਨ ਹੁਣ ਪੰਜਾਬ ਵਿੱਚ ਵੀ ਵੱਡੀ ਤਬਦੀਲੀ ਲੈ ਕੇ ਆਵੇਗਾ।






