ਲੁਧਿਆਣਾ ਹੁਣ ਮੁਹਾਲੀ ਅਤੇ ਜਲੰਧਰ ਤੋਂ ਬਾਅਦ ਪੰਜਾਬ ਦਾ ਤੀਜਾ ਅਜਿਹਾ ਸ਼ਹਿਰ ਬਣ ਗਿਆ ਹੈ ਜਿੱਥੇ ‘ਇੰਟੈਲੀਜੈਂਟ ਟਰੈਫਿਕ ਮੈਨੇਜਮੈਂਟ ਸਿਸਟਮ’ (ITMS) ਲਾਗੂ ਕੀਤਾ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਪੁਲੀਸ (DGP) ਗੌਰਵ ਯਾਦਵ ਨੇ ਸੋਮਵਾਰ ਨੂੰ ਲੁਧਿਆਣਾ ਪੁਲੀਸ ਲਾਈਨ ਵਿਖੇ ਇਸ ਪ੍ਰਣਾਲੀ ਅਤੇ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ ਦਾ ਉਦਘਾਟਨ ਕੀਤਾ। ਇਸ ਨਵੇਂ ਕੇਂਦਰ ਰਾਹੀਂ ਟਰੈਫਿਕ, ਐਮਰਜੈਂਸੀ ਰਿਸਪਾਂਸ, ਸੇਫ਼ ਸਿਟੀ ਅਤੇ ਕੰਟਰੋਲ ਰੂਮ ਵਰਗੀਆਂ ਕਈ ਅਹਿਮ ਇਕਾਈਆਂ ਨੂੰ ਇੱਕੋ ਛੱਤ ਹੇਠ ਲਿਆਂਦਾ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਇਸ ਨਾਲ ਪੁਲੀਸ ਦੀ ਕਾਰਜਕੁਸ਼ਲਤਾ ਵਧੇਗੀ। ਹੁਣ ਲੁਧਿਆਣਾ ਵਿੱਚ ਪੁਲੀਸ ਦਾ ਰਿਸਪਾਂਸ ਟਾਈਮ 7 ਤੋਂ 8 ਮਿੰਟ ਹੈ, ਜਿਸ ਵਿੱਚ ਹੋਰ ਸੁਧਾਰ ਹੋਵੇਗਾ।
ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪੂਰੇ ਕਮਿਸ਼ਨਰੇਟ ਖੇਤਰ ਵਿੱਚ 259 ਥਾਵਾਂ ‘ਤੇ ਲਗਪਗ 1,700 ਉੱਚ-ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਹਨ। ਖਾਸ ਗੱਲ ਇਹ ਹੈ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਫੜਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕੀਤੀ ਜਾਵੇਗੀ, ਜਿਸ ਲਈ 46 ਵਿਸ਼ੇਸ਼ ਕੈਮਰੇ ਲਗਾਏ ਗਏ ਹਨ ਜੋ ਆਪਣੇ ਆਪ ਚਲਾਨ ਜਾਰੀ ਕਰਨਗੇ।
ਇਸ ਮੌਕੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਉਦਘਾਟਨ ਤੋਂ ਬਾਅਦ ਲਗਪਗ 500 ਪੁਲੀਸ ਮੁਲਾਜ਼ਮਾਂ ਨੇ ਇਕੱਠੇ ਬੈਠ ਕੇ ਭੋਜਨ ਕੀਤਾ। ਡੀਜੀਪੀ ਅਨੁਸਾਰ ਅਜਿਹੀਆਂ ਪਹਿਲਕਦਮੀਆਂ ਫੋਰਸ ਦਾ ਮਨੋਬਲ ਵਧਾਉਣ ਅਤੇ ਆਪਸੀ ਤਾਲਮੇਲ ਬਿਹਤਰ ਬਣਾਉਣ ਵਿੱਚ ਮਦਦ ਕਰਦੀਆਂ ਹਨ।






