ਬੁੱਧਵਾਰ ਸਵੇਰੇ ਕਰੀਬ ਸਵਾ ਨੌਂ ਵਜੇ ਸ਼ਿਮਲਾ ਦੀ ਖਾਚੀ ਘਾਟੀ ਵਿੱਚ ਦੋਪਹੀਆ ਵਾਹਨਾਂ ਦੇ ਇੱਕ ਸ਼ੋਅ ਰੂਮ ਵਿੱਚ ਭਿਆਨਕ ਅੱਗ ਲੱਗਣ ਕਾਰਨ 20 ਤੋਂ ਵੱਧ ਦੋਪਹੀਆ ਵਾਹਨ ਅਤੇ ਇੱਕ ਕਾਰ ਸੜ ਕੇ ਸੁਆਹ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਪੁਲੀਸ ਮੁਤਾਬਕ, ਮੁੱਖ ਕਾਰਟ ਰੋਡ ‘ਤੇ ਸਥਿਤ ਹੀਰੋ-ਹੌਂਡਾ ਸ਼ੋਅ ਰੂਮ ਵਿੱਚ ਅੱਗ ਲੱਗ ਗਈ, ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਪੁਲੀਸ ਅਨੁਸਾਰ, ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ, ਉਦੋਂ ਤੱਕ ਸ਼ੋਅ ਰੂਮ ਦੇ ਬਾਹਰ ਵੱਡੀ ਗਿਣਤੀ ਵਿੱਚ ਖੜ੍ਹੇ ਮੋਟਰਸਾਈਕਲ, ਸਕੂਟਰ ਅਤੇ ਇੱਕ ਕਾਰ ਸੜ ਕੇ ਰਾਖ ਹੋ ਗਏ ਸਨ। ਅਧਿਕਾਰੀਆਂ ਮੁਤਾਬਕ, ਜਾਇਦਾਦ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।






