ਕਿਉਂ ਮੱਠੀ ਚੱਲ ਰਹੀ ਹੈ ਮੌਨਸੂਨ ਦੀ ਚਾਲ?
ਪੱਛਮੀ ਵਿਘਨ ਨੇ ਸਾਲਾਨਾ ਮੌਨਸੂਨ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ ਹੈ। ਪੱਛਮੀ ਵਿਘਨ ਭੂਮੱਧ ਸਾਗਰ (Mediterranean Sea) ਤੋਂ ਆਉਣ ਵਾਲੀਆਂ ਮੌਸਮੀ ਘਟਨਾਵਾਂ ਹਨ ਜੋ ਉੱਤਰ ਭਾਰਤ ਵਿੱਚ ਬਾਰਿਸ਼ ਅਤੇ ਬਰਫ਼ਬਾਰੀ ਲਿਆਉਂਦੀਆਂ ਹਨ ਅਤੇ ਕਦੇ-ਕਦੇ ਮੌਨਸੂਨ ਦੇ ਅੱਗੇ ਵਧਣ ਵਿੱਚ ਰੁਕਾਵਟ ਬਣਦੀਆਂ ਹਨ।
ਦੇਸ਼ ਦੀ ਸਾਲਾਨਾ ਬਾਰਸ਼ ਦਾ ਲਗਭਗ 70% ਹਿੱਸਾ ਮੌਨਸੂਨ ਤੋਂ ਹੀ ਮਿਲਦਾ ਹੈ ਅਤੇ ਇਹ ਅਹਿਮ ਜਲ ਸਰੋਤਾਂ ਨੂੰ ਦੁਬਾਰਾ ਭਰਦਾ ਹੈ। ਭਾਰਤੀ ਅਰਥਚਾਰੇ ਵਿੱਚ ਲਗਭਗ ਅੱਧੀ ਖੇਤੀਯੋਗ ਜ਼ਮੀਨ ‘ਤੇ ਸਿੰਚਾਈ ਦੀ ਸਹੂਲਤ ਨਹੀਂ ਹੈ ਅਤੇ ਲਗਭਗ ਅੱਧੀ ਆਬਾਦੀ ਆਪਣੀ ਰੋਜ਼ੀ-ਰੋਟੀ ਲਈ ਖੇਤੀ ‘ਤੇ ਨਿਰਭਰ ਹੈ।
ਜੂਨ ਦੇ ਪਹਿਲੇ 10 ਦਿਨਾਂ ਵਿੱਚ ਭਾਰਤ ਵਿੱਚ ਆਮ ਨਾਲੋਂ 26.5% ਘੱਟ ਬਾਰਸ਼ ਹੋਈ। ਮੌਸਮ ਵਿਭਾਗ ਨੇ ਪਿਛਲੇ ਮਹੀਨੇ ਅਨੁਮਾਨ ਲਗਾਇਆ ਸੀ ਕਿ ਚਾਰ ਮਹੀਨਿਆਂ ਦੇ ਮੌਨਸੂਨ ਸੀਜ਼ਨ ਦੌਰਾਨ ਭਾਰਤ ਵਿੱਚ ਲੌਂਗ-ਪੀਰੀਅਡ ਐਵਰੇਜ (LPA) ਦੀ 90% ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਅਲ ਨੀਨੋ (El Nino) ਦੇ ਅਸਰ ਕਰਕੇ ਜੂਨ ਵਿੱਚ LPA ਦੀ 92% ਬਾਰਸ਼ ਹੋਣ ਦੀ ਉਮੀਦ ਹੈ।
ਮੱਠੇ ਮੌਨਸੂਨ ਕਾਰਨ ਫ਼ਸਲਾਂ ‘ਤੇ ਅਸਰ
ਮੱਧ ਅਤੇ ਉੱਤਰੀ ਰਾਜਾਂ ਵਿੱਚ ਘੱਟ ਬਾਰਿਸ਼ ਹੋਣ ਕਾਰਨ ਝੋਨਾ (ਚੌਲ), ਨਰਮਾ (ਕਪਾਹ), ਸੋਇਆਬੀਨ ਅਤੇ ਦਾਲਾਂ ਵਰਗੀਆਂ ਗਰਮੀਆਂ ਦੀਆਂ ਫ਼ਸਲਾਂ ਦੀ ਬੀਜਾਈ ਵਿੱਚ ਦੇਰੀ ਹੋ ਸਕਦੀ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਪੱਛਮੀ ਵਿਘਨ ਨੇ ਮੌਨਸੂਨ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ ਹੈ ਅਤੇ ਇਸਨੂੰ ਮੱਧ ਭਾਰਤ ਵਿੱਚ ਪਹੁੰਚਣ ਲਈ ਕੁਝ ਹੋਰ ਦਿਨ ਲੱਗ ਸਕਦੇ ਹਨ।’
ਅਧਿਕਾਰੀ ਨੇ ਦੱਸਿਆ ਕਿ ਮੌਨਸੂਨ ਹੁਣ ਤੱਕ ਕੇਰਲ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ-ਨਾਲ ਕਰਨਾਟਕ ਅਤੇ ਦੱਖਣੀ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਚੁੱਕਾ ਹੈ, ਜਿੱਥੇ ਅਗਲੇ ਦੋ ਹਫ਼ਤਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ। ਹਾਲਾਂਕਿ, ਅਧਿਕਾਰੀ ਨੇ ਕਿਹਾ ਕਿ ਮੱਧ ਅਤੇ ਉੱਤਰੀ ਇਲਾਕਿਆਂ ਵਿੱਚ ਇਸ ਦੌਰਾਨ ਆਮ ਨਾਲੋਂ ਕਾਫ਼ੀ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਜੂਨ ਦੇ ਆਖਰੀ ਹਫ਼ਤੇ ਵਿੱਚ ਮੌਨਸੂਨ ਦੇ ਜ਼ੋਰ ਫੜਨ ਦੀ ਉਮੀਦ ਹੈ। ਉਸ ਸਮੇਂ ਜ਼ਿਆਦਾਤਰ ਰਾਜਾਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੋਵਾਂ ਅਧਿਕਾਰੀਆਂ ਨੇ ਆਪਣਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ।