ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਗਵਾਦਰ ਦੇ ਪੁਲੀਸ ਥਾਣੇ ’ਤੇ ਮਸ਼ਕੂਕ ਦਹਿਸ਼ਤਗਰਦਾਂ ਦੇ ਹਮਲੇ ਨੂੰ ਰੋਕਣ ਵਿੱਚ ਨਾਕਾਮ 14 ਪੁਲੀਸ ਮੁਲਾਜ਼ਮਾਂ ਨੂੰ ਸੇਵਾਵਾਂ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਹਮਲੇ ਦੌਰਾਨ ਮਸ਼ਕੂਕ ਥਾਣੇ ਵਿੱਚ ਪਏ ਹਥਿਆਰ ਤੇ ਹੋਰ ਗੋਲੀ-ਸਿੱਕਾ ਲੈ ਕੇ ਫ਼ਰਾਰ ਹੋ ਗਏ ਸਨ। ਮਾਮਲੇ ਦੀ ਜਾਂਚ ਦੌਰਾਨ ਇਨ੍ਹਾਂ ਪੁਲੀਸ ਮੁਲਾਜ਼ਮਾਂ ਦੀ ਨਾਕਾਮੀ ਦਾ ਪਤਾ ਲੱਗਾ ਸੀ। ਗਵਾਦਰ ਦੇ ਐੱਸ ਪੀ ਅਬਦੁਲ ਵਾਹਿਦ, ਜੋ ਜਾਂਚ ਕਮੇਟੀ ਦੀ ਅਗਵਾਈ ਕਰ ਰਹੇ ਸਨ, ਨੇ ਕਿਹਾ ਕਿ 14 ਪੁਲੀਸ ਮੁਲਾਜ਼ਮਾਂ, ਜਿਨ੍ਹਾਂ ਵਿੱਚ ਸਬ ਇੰਸਪੈਕਟਰ ਵੀ ਸ਼ਾਮਲ ਹਨ, ਨੂੰ ਅਣਗਹਿਲੀ, ਭ੍ਰਿਸ਼ਟਾਚਾਰ, ਸੁਰੱਖਿਆ ਨੇਮਾਂ ਦੀ ਉਲੰਘਣਾ ਤੇ ਡਿਊਟੀ ਉੱਤੇ ਗ਼ੈਰ-ਜ਼ਿੰਮੇਵਾਰਾਨਾ ਵਿਹਾਰ ਲਈ ਬਰਖ਼ਾਸਤ ਕੀਤਾ ਗਿਆ ਹੈ। ਵਾਹਿਦ ਮੁਤਾਬਕ ਹਮਲਾ 7 ਜੂਨ ਦੀ ਰਾਤ ਨੂੰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤਾ ਗਿਆ ਸੀ। ਹਮਲਾਵਰਾਂ ਨੇ ਪੁਲੀਸ ਥਾਣੇ ’ਚ ਤਾਇਨਾਤ ਅਮਲੇ ਨੂੰ ਪਹਿਲਾਂ ਕਾਬੂ ਕੀਤਾ ਤੇ ਸਰਕਾਰੀ ਸਾਜ਼ੋ-ਸਾਮਾਨ ਦੀ ਲੁੱਟ ਕੀਤੀ ਤੇ ਬੜੇ ਆਰਾਮ ਨਾਲ ਉਥੋਂ ਭੱਜ ਗਏ।’’





