ਆਮ ਆਦਮੀ ਪਾਰਟੀ ਵੱਲੋਂ ਹਲਕਾ ਬਠਿੰਡਾ (ਦਿਹਾਤੀ) ਦੇ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸਾਬਕਾ ਪੀ ਸੀ ਐੱਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਨੂੰ ਸੌਂਪ ਦਿੱਤੀ ਗਈ ਹੈ। ‘ਆਪ’ ਪ੍ਰਧਾਨ ਅਮਨ ਅਰੋੜਾ ਨੇ ਇਸ ਬਾਰੇ ਰਸਮੀ ਪੱਤਰ ਜਾਰੀ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਕਈ ਗੇੜ ਦੇ ਸਰਵੇ ਕਰਨ ਮਗਰੋਂ ਬਠਿੰਡਾ ਦਿਹਾਤੀ ਦੇ ਨਵੇਂ ਹਲਕਾ ਇੰਚਾਰਜ ਵਜੋਂ ਗੋਪਾਲ ਸਿੰਘ ਕੋਟਫੱਤਾ ਦੀ ਚੋਣ ਕੀਤੀ ਹੈ। ਗੋਪਾਲ ਸਿੰਘ ਬਠਿੰਡਾ ਜ਼ਿਲ੍ਹੇ ’ਚ ਸਾਫ਼ ਛਵੀ ਦੇ ਚਿਹਰੇ ਵਜੋਂ ਜਾਣੇ ਜਾਂਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਦਿਹਾਤੀ ਤੋਂ ਅਜਿਹੇ ਚਿਹਰੇ ਦੀ ਭਾਲ ’ਚ ਸਨ ਜੋ ਕਿਰਤੀ ਜਮਾਤ ਚੋਂ ਹੋਵੇ ਅਤੇ ਸਮਾਜਿਕ ਤੌਰ ’ਤੇ ਚੰਗਾ ਰਸੂਖ਼ ਰੱਖਦਾ ਹੋਵੇ। ਦੱਸਣਯੋਗ ਹੈ ਕਿ ਪੀਸੀਐੱਸ ਅਧਿਕਾਰੀ ਵਜੋਂ ਸੇਵਾ ਮੁਕਤ ਹੋਣ ਮਗਰੋਂ ਗੋਪਾਲ ਸਿੰਘ ਨੇ ਹਲਕਾ ਬਠਿੰਡਾ ਦਿਹਾਤੀ ’ਚ ਨੌਜਵਾਨਾਂ ਨੂੰ ਸਾਹਿਤ ਦੇ ਲੜ ਲਾਉਣ ਦਾ ਬੀੜਾ ਚੁੱਕਿਆ ਹੋਇਆ ਸੀ ਤਾਂ ਜੋ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। ਉਹ ਕਈ ਵਰ੍ਹਿਆਂ ਤੋਂ ਨਵੀਂ ਪੀੜੀ ਨੂੰ ਕਿਤਾਬਾਂ ਨਾਲ ਜੋੜਨ ਦਾ ਕੰਮ ਕਰ ਰਹੇ ਸਨ।
ਪਛਾਂਹ ਝਾਤੀ ਮਾਰੀਏ ਤਾਂ ਗੋਪਾਲ ਸਿੰਘ ਨੇ ਗ਼ੁਰਬਤ ਚੋਂ ਉੱਠ ਕੇ ਲੰਮਾ ਸਫ਼ਰ ਤੈਅ ਕੀਤਾ ਹੈ। ਉਹ ਵੀ ਦਿਨ ਸਨ ਜਦੋਂ ਗੋਪਾਲ ਸਿੰਘ ਨੂੰ ਫ਼ੀਸ ਨਾ ਹੋਣ ਕਰਕੇ ਛੇਵੀਂ ਕਲਾਸ ਚੋਂ ਹਟਣਾ ਪਿਆ ਸੀ। ਕਲਰਕ ਦੀ ਇੰਟਰਵਿਊ ਦੇਣ ਜਾਣਾ ਸੀ ਪਰ ਜੇਬ ਖ਼ਾਲੀ ਸੀ। ਮਾਂ ਨੇ ਖੇਸ ਵੇਚ ਕੇ ਉਸ ਦੀ ਜੇਬ ਬੱਸ ਦਾ ਕਿਰਾਇਆ ਪਾਇਆ ਸੀ।
ਗੋਪਾਲ ਸਿੰਘ ਨੇ ਪਿੰਡ ਕੋਟਫੱਤਾ ਦੇ ਸਰਕਾਰੀ ਸਕੂਲ ’ਚੋਂ ਦਸਵੀਂ ਪਾਸ ਕੀਤੀ। ਉਹ ਕਿਰਤ ਦਾ ਅਲਬੇਲਾ ਰਾਹੀਂ ਬਣ ਕੇ ਤੁਰਿਆ, ਨਤੀਜੇ ਵਜੋਂ ਉਸ ਨੂੰ ਲੋਕ ਨਿਰਮਾਣ ਵਿਭਾਗ ਵਿਚ ਡੇਲੀ ਵੇਜ਼ ਬੇਲਦਾਰ ਬਣਨ ਦਾ ਮੌਕਾ ਮਿਲ ਗਿਆ। ਉਹ ਸੜਕਾਂ ਦੇ ਕਿਨਾਰੇ ਤਾਂ ਮਿੱਟੀ ਨਾਲ ਭਰਦਾ ਪ੍ਰੰਤੂ ਉਸ ਨੂੰ ਅੰਦਰੋਂ ਖੁੱਲ੍ਹਾਪਣ ਦਾ ਅਹਿਸਾਸ ਬੇਚੈਨ ਕਰੀ ਰੱਖਦਾ। ਕਦੇ ਅਫ਼ਸਰਾਂ ਨੂੰ ਦੇਖਦਾ ਤਾਂ ਸੁਪਨਿਆਂ ਦੇ ਜਗਤ ਵਿਚ ਗੁਆਚ ਜਾਂਦਾ।
ਲੰਮੀ ਮਿਹਨਤ ਮਗਰੋਂ ਉਹ ਆਖ਼ਰ ਸਾਲ 2016 ’ਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀ.ਸੀ.ਐਸ (ਐਗਜ਼ੈਕਟਿਵ) ਦੇ ਐਲਾਨੇ ਨਤੀਜੇ ਵਿਚ ਰਜਿਸਟਰ ਏ-2 ਕੈਟਾਗਰੀ ਵਿਚ ਪੰਜਾਬ ਭਰ ਚੋਂ ਟਾਪ ਕਰ ਗਿਆ। ਉਸ ਤੋਂ ਗੋਪਾਲ ਸਿੰਘ ਨੇ ਪਹਿਲਾਂ ਐੱਮ.ਏ (ਪੰਜਾਬੀ, ਰਾਜਨੀਤੀ ਸ਼ਾਸਤਰ) ਅਤੇ ਐੱਮ.ਬੀ.ਏ ਕਰ ਲਈ ਸੀ। ਗੋਪਾਲ ਸਿੰਘ ਕਵਿਤਾ ਤੇ ਵਾਰਤਕ ਲਿਖਦਾ ਹੈ ਅਤੇ ਹਰ ਵੰਨਗੀ ਤੇ ਭਾਸ਼ਾ ਦਾ ਉਸ ਨੇ ਸਾਹਿਤ ਪੜ੍ਹਿਆ ਹੋਇਆ ਹੈ।






