ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈ ਲਈ ਜਾਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ NEET-UG ਦੀ ਮੁੜ-ਪ੍ਰੀਖਿਆ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਦੂਰੀ ਬਣਾਈ ਹੈ।
ਜਾਣਕਾਰੀ ਅਨੁਸਾਰ 3 ਮਈ ਨੂੰ ਹੋਈ ਪ੍ਰੀਖਿਆ ਦੇ ਮੁਕਾਬਲੇ ਇਸ ਵਾਰ ਦੁਬਾਰਾ ਹੋਈ ਪ੍ਰੀਖਿਆ ਵਿੱਚ 2.7 ਲੱਖ ਤੋਂ ਘੱਟ ਉਮੀਦਵਾਰ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪੇਪਰ ਲੀਕ ਹੋਣ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਕੀਤੀ ਜਾ ਰਹੀ ਹੈ।
ਇਸ ਤੋਂ ਬਾਅਦ ਇਹ ਪ੍ਰੀਖਿਆ 21 ਜੂਨ ਨੂੰ ਦੁਬਾਰਾ ਕਰਵਾਈ ਗਈ ਸੀ। ਇਸ ਮੁੜ-ਪ੍ਰੀਖਿਆ ਵਿੱਚ 19,99,895 ਉਮੀਦਵਾਰ ਹਾਜ਼ਰ ਹੋਏ, ਜਦੋਂ ਕਿ 3 ਮਈ ਨੂੰ ਹੋਈ ਅਸਲ ਪ੍ਰੀਖਿਆ ਵਿੱਚ 22.05 ਲੱਖ ਉਮੀਦਵਾਰਾਂ ਨੇ ਭਾਗ ਲਿਆ ਸੀ।
ਇਸ ਅਹਿਮ ਪ੍ਰੀਖਿਆ ਦਾ ਨਤੀਜਾ ਵੀਰਵਾਰ ਨੂੰ ਐਲਾਨਿਆ ਗਿਆ ਜਿਸ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਦੱਸਿਆ ਕਿ 11.21 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਨਤੀਜਿਆਂ ਦੇ ਅੰਕੜੇ ਦਰਸਾਉਂਦੇ ਹਨ ਕਿ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪਿਛਲੇ ਸਾਲ ਦੇ ਮੁਕਾਬਲੇ ਲਗਪਗ ਬਰਾਬਰ ਹੀ ਰਹੀ ਪਰ ਮੁੜ-ਪ੍ਰੀਖਿਆ ਨਾ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ।
ਇਸ ਸਾਲ NEET-UG 2026 ਲਈ 22.79 ਲੱਖ ਤੋਂ ਵੱਧ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜੋ ਕਿ 2025 ਦੀਆਂ 22.76 ਲੱਖ ਰਜਿਸਟ੍ਰੇਸ਼ਨਾਂ ਨਾਲੋਂ ਮਾਮੂਲੀ ਜਿਹੀ ਹੀ ਜ਼ਿਆਦਾ ਹੈ ਪਰ ਇਸ ਵਾਰ ਸਿਰਫ਼ 19.99 ਲੱਖ ਉਮੀਦਵਾਰ ਹੀ ਪ੍ਰੀਖਿਆ ਦੇਣ ਪਹੁੰਚੇ, ਜਿਸ ਕਾਰਨ 2,79,848 ਉਮੀਦਵਾਰ ਗੈਰ-ਹਾਜ਼ਰ ਰਹੇ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗੈਰ-ਹਾਜ਼ਰੀ ਹੈ।
ਇਸ ਤੋਂ ਪਹਿਲਾਂ ਸਾਲ 2020 ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਹੋਈ ਪ੍ਰੀਖਿਆ ਵਿੱਚ 2.30 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਛੱਡੀ ਸੀ। 3 ਮਈ ਨੂੰ ਹੋਈ ਪਹਿਲੀ ਪ੍ਰੀਖਿਆ ਵਿੱਚ ਹਾਜ਼ਰੀ 96.72 ਫੀਸਦੀ ਦਰਜ ਕੀਤੀ ਗਈ ਸੀ, ਜਦੋਂ ਕਿ ਦੁਬਾਰਾ ਹੋਈ ਪ੍ਰੀਖਿਆ ਵਿੱਚ ਇਹ ਹਾਜ਼ਰੀ ਘਟ ਕੇ 87.72 ਫੀਸਦੀ ਰਹਿ ਗਈ, ਜੋ 2020 ਤੋਂ ਬਾਅਦ ਦੂਜੀ ਸਭ ਤੋਂ ਘੱਟ ਹਾਜ਼ਰੀ ਹੈ।
ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (NEET-UG) ਦੇਸ਼ ਦੀ ਸਭ ਤੋਂ ਵੱਡੀ ਅੰਡਰਗਰੈਜੂਏਟ ਪ੍ਰਵੇਸ਼ ਪ੍ਰੀਖਿਆ ਹੈ, ਜਿਸ ਲਈ ਹਰ ਸਾਲ ਲਗਪਗ 25 ਲੱਖ ਉਮੀਦਵਾਰ ਰਜਿਸਟਰੇਸ਼ਨ ਕਰਵਾਉਂਦੇ ਹਨ।
NTA ਵੱਲੋਂ ਹਰ ਸਾਲ ਮੈਡੀਕਲ ਕਾਲਜਾਂ ਵਿੱਚ MBBS ਕੋਰਸ ਦੀਆਂ 1,08,000 ਸੀਟਾਂ ਲਈ ਇਹ ਪ੍ਰੀਖਿਆ ਲਈ ਜਾਂਦੀ ਹੈ ਜਿਨ੍ਹਾਂ ਵਿੱਚੋਂ ਲਗਪਗ 56,000 ਸੀਟਾਂ ਸਰਕਾਰੀ ਹਸਪਤਾਲਾਂ/ਕਾਲਜਾਂ ਵਿੱਚ ਅਤੇ ਲਗਪਗ 52,000 ਸੀਟਾਂ ਪ੍ਰਾਈਵੇਟ ਕਾਲਜਾਂ ਵਿੱਚ ਹਨ। ਇਸ ਪ੍ਰੀਖਿਆ ਦੇ ਨਤੀਜਿਆਂ ਦੀ ਵਰਤੋਂ ਡੈਂਟਿਸਟਰੀ (ਦੰਦਾਂ ਦੇ ਵਿਗਿਆਨ), ਆਯੁਰਵੇਦ, ਯੂਨਾਨੀ ਅਤੇ ਸਿੱਧਾ ਵਰਗੇ ਹੋਰ ਅੰਡਰਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਵੀ ਕੀਤੀ ਜਾਂਦੀ ਹੈ। ਪੇਪਰ ਲੀਕ ਦੇ ਵਿਵਾਦ ਅਤੇ ਪ੍ਰੀਖਿਆ ਪ੍ਰਕਿਰਿਆ ਵਿੱਚ ਸਾਹਮਣੇ ਆਈਆਂ ਗੜਬੜੀਆਂ ਤੋਂ ਬਾਅਦ, ਕੇਂਦਰ ਸਰਕਾਰ ਨੇ ਹੁਣ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਇਹ ਪ੍ਰੀਖਿਆ ਹੁਣ ਪੈੱਨ ਅਤੇ ਪੇਪਰ (ਆਫਲਾਈਨ) ਮੋਡ ਦੀ ਬਜਾਏ ਕੰਪਿਊਟਰ ਆਧਾਰਿਤ ਟੈਸਟ (CBT/ਆਨਲਾਈਨ) ਵਜੋਂ ਲਈ ਜਾਵੇਗੀ। ਇਸ ਸਬੰਧੀ ਸਿੱਖਿਆ ਅਤੇ ਸਿਹਤ ਮੰਤਰਾਲਿਆਂ ਵਿਚਕਾਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਡੂੰਘੀ ਚਰਚਾ ਚੱਲ ਰਹੀ ਸੀ ਕਿ NEET-UG ਪ੍ਰੀਖਿਆ ਨੂੰ ਆਫਲਾਈਨ ਕਰਵਾਇਆ ਜਾਵੇ ਜਾਂ ਆਨਲਾਈਨ ਮੋਡ ਵਿੱਚ।






