ਭ੍ਰਿਸ਼ਟਾਚਾਰ ਅਤੇ ਫਿਰੌਤੀ ਮੰਗਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਪੰਜਾਬ ਪੁਲੀਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਤਿੰਨ ਰੋਜ਼ਾ ਪੁਲੀਸ ਰਿਮਾਂਡ ਖਤਮ ਹੋਣ ’ਤੇ ਅੱਜ ਫਿਰ ਦਸੂਹਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਿਮਾਂਡ ’ਚ ਇਕ ਦਿਨ ਦਾ ਵਾਧਾ ਕਰ ਦਿੱਤਾ ਹੈ।
ਨਾਗਰਾ ਨੂੰ 17 ਜੁਲਾਈ ਦੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ ਵਲੋਂ ਗੈਂਗਸਟਰਾਂ ਦੀਆਂ ਕਾਰਵਾਈਆਂ ਦੀ ਕੀਤੀ ਜਾਂਚ ਤੋਂ ਬਾਅਦ ਨਾਗਰਾ ਦੇ ਇਕ ਗੈਂਗਸਟਰ ਸਮੂਹ ਨਾਲ ਸਬੰਧ ਉਜਾਗਰ ਹੋਣ ਤੋਂ ਬਾਅਦ ਉਸ ਨੂੰ ਟਾਂਡਾ ਦੇ ਐਸ.ਐਚ.ਓ ਵਜੋਂ ਹਟਾ ਕੇ ਲਾਈਨ ਹਾਜਿਰ ਕਰ ਦਿੱਤਾ ਗਿਆ ਸੀ।
ਮਾਮਲੇ ਦੀ ਜਾਂਚ ਲਈ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਜਿਸ ਦੀ ਮੁਢਲੀ ਜਾਂਚ ਤੋਂ ਬਾਅਦ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਨਵਰੀ ਮਹੀਨੇ ਟਾਂਡਾ ਦੇ ਪਿੰਡ ਮਿਆਣੀ ਵਿਚ ਬਲਵਿੰਦਰ ਸਿੰਘ ਨਾਂਅ ਦੇ ਵਿਅਕਤੀ ਦੇ ਹੋਏ ਕਤਲ ਸਬੰਧੀ ਜੋ ਐਫ.ਆਈ.ਆਰ ਦਰਜ ਹੋਈ ਸੀ, ਉਸੇ ਵਿਚ ਵਾਧਾ ਜੁਰਮ ਦਰਜ ਕਰਕੇ ਨਾਗਰਾ ਨੂੰ ਭ੍ਰਿਸ਼ਟਾਚਾਰ ਤੇ ਜਬਰੀ ਵਸੂਲੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਐਫ.ਬੀ.ਆਈ ਨੇ ਇਸ ਕਤਲ ਕੇਸ ਨੂੰ ਵਰਤ ਕੇ ਅਮਰੀਕਾ ਰਹਿੰਦੇ ਇਕ ਪਰਿਵਾਰ ਨੂੰ ਡਰਾ ਧਮਕਾ ਕੇ 4 ਲੱਖ ਡਾਲਰ ਦੀ ਮੰਗ ਕੀਤੇ ਜਾਣ ਦੇ ਦੋਸ਼ ਉਕਤ ਪੁਲੀਸ ਅਧਿਕਾਰੀ ’ਤੇ ਲਗਾਏ ਸਨ। ਵਿਸ਼ੇਸ਼ ਜਾਂਚ ਟੀਮ ਨੂੰ ਇਸ ਰਾਸ਼ੀ ’ਚੋਂ 16 ਲੱਖ ਰੁਪਏ ਦੀ ਮਨੀ ਟਰੇਲ ਦਾ ਪਤਾ ਲੱਗ ਗਿਆ ਹੈ।






