ਕੈਨੇਡਾ ਦੇ ਨਿਊ ਬ੍ਰੰਜ਼ਵਿਕ ਸੂਬੇ ਦੇ ਮੋਨਕਟਨ ਸ਼ਹਿਰ ਵਿੱਚ ਇੱਕ ਮੁਸਲਿਮ ਮਹਿਲਾ ‘ਤੇ ਹੋਏ ਕਥਿਤ ਨਫ਼ਰਤੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਸੋਸ਼ਲ ਮੀਡੀਆ ‘ਤੇ ਇਸ ਹਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ‘ਕੋਡਿਆਕ ਰਿਜਨਲ ਆਰ ਸੀ ਐੱਮ ਪੀ’ (Codiac Regional RCMP) ਨੇ ਮਾਮਲੇ ਦੀ ਜਾਂਚ ਸੰਭਾਵੀ ਨਫ਼ਰਤੀ ਅਪਰਾਧ (Hate Crime) ਵਜੋਂ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਅਨੁਸਾਰ ਇਹ ਘਟਨਾ ਬੀਤੇ ਦਿਨੀਂ ਸ਼ਾਮ ਕਰੀਬ 7:30 ਵਜੇ ਮੋਨਕਟਨ ਦੇ ਮਾਊਂਟੇਨ ਰੋਡ ਸਥਿਤ ਇੱਕ ਪਾਰਕਿੰਗ ਲਾਟ ਵਿੱਚ ਵਾਪਰੀ। ‘ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼’ (NCCM) ਅਨੁਸਾਰ, ਪੀੜਤ ਮਹਿਲਾ ਆਪਣੇ ਪਤੀ, ਪਿਤਾ ਅਤੇ ਸੱਤ ਸਾਲਾ ਪੁੱਤਰ ਨਾਲ ਕਲਾਸਿਕ ਕਾਰਾਂ ਦੀ ਪਰੇਡ ਦੇਖਣ ਗਈ ਸੀ। ਦੋਸ਼ ਹੈ ਕਿ ਭੀੜ ਵਿੱਚ ਮੌਜੂਦ ਇੱਕ ਔਰਤ ਨਾਲ ਹੋਈ ਬਹਿਸ ਤੋਂ ਬਾਅਦ ਕੁਝ ਵਿਅਕਤੀਆਂ ਨੇ ਪਰਿਵਾਰ ਨੂੰ ਘੇਰ ਲਿਆ ਅਤੇ “ਆਪਣੇ ਦੇਸ਼ ਵਾਪਸ ਜਾਓ” ਵਰਗੀਆਂ ਨਸਲੀ ਟਿੱਪਣੀਆਂ ਕਰਦਿਆਂ ਮਹਿਲਾ ‘ਤੇ ਹਮਲਾ ਕਰ ਦਿੱਤਾ।
ਐੱਨ ਸੀ ਸੀ ਐੱਮ ਦੇ ਮੀਡੀਆ ਲੀਡ ਸਟੀਵਨ ਝਾਓ ਮੁਤਾਬਕ, ਇਸ ਹਮਲੇ ਵਿੱਚ ਮਹਿਲਾ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ ਅਤੇ ਉਸ ਦੇ ਮੱਥੇ, ਅੱਖਾਂ ਤੇ ਨੱਕ ‘ਤੇ ਸੋਜ ਆ ਗਈ ਹੈ। ਇਸ ਤੋਂ ਇਲਾਵਾ ਉਸ ਦੇ ਸੱਜੇ ਮੋਢੇ ‘ਤੇ ਵੀ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਐਨਕ ਟੁੱਟ ਗਈ। ਇਸ ਘਟਨਾ ਦਾ ਮਾਸੂਮ ਸੱਤ ਸਾਲਾ ਬੱਚੇ ਅਤੇ ਪੂਰੇ ਪਰਿਵਾਰ ‘ਤੇ ਡੂੰਘਾ ਮਾਨਸਿਕ ਅਸਰ ਪਿਆ ਹੈ।
ਕੋਡਿਆਕ ਰਿਜਨਲ ਆਰ ਸੀ ਐੱਮ ਪੀ ਦੇ ਕਾਰਪੋਰਲ ਲੂਕ ਪਿਕਾਰਡ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਵਾਇਰਲ ਵੀਡੀਓ ਸਮੇਤ ਸਾਰੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਆਮ ਲੋਕਾਂ ਨੂੰ ਘਟਨਾ ਨਾਲ ਸਬੰਧਿਤ ਕੋਈ ਵੀ ਵੀਡੀਓ ਜਾਂ ਹੋਰ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ, ਨਿਊ ਬ੍ਰੰਜ਼ਵਿਕ ਦੀ ਪ੍ਰੀਮੀਅਰ ਸੂਜ਼ਨ ਹੋਲਟ ਨੇ ਕਿਹਾ ਕਿ ਸੂਬੇ ਵਿੱਚ ਇਸਲਾਮੋਫੋਬੀਆ ਜਾਂ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਸੰਸਦ ਮੈਂਬਰ ਜਿਨੇਟ ਪੇਟਿਟਪਾਸ ਟੇਲਰ ਨੇ ਵੀ ਇਸ ਘਟਨਾ ਨੂੰ ਬੇਹੱਦ ਚਿੰਤਾਜਨਕ ਦੱਸਦਿਆਂ ਕਿਹਾ ਕਿ ਅਜਿਹੇ ਨਫ਼ਰਤੀ ਅਪਰਾਧਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
ਦੂਜੇ ਪਾਸੇ, ‘ਮੋਨਕਟਨ ਮੁਸਲਿਮ ਐਸੋਸੀਏਸ਼ਨ’ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਸਥਾਨਕ ਮੁਸਲਿਮ ਭਾਈਚਾਰੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ‘ਐੱਨ ਸੀ ਸੀ ਐੱਮ’ ਨੇ ਕੇਂਦਰ ਸਰਕਾਰ ਤੋਂ ਦੇਸ਼ ਵਿੱਚ ਵਧ ਰਹੀਆਂ ਇਸਲਾਮੋਫੋਬਿਕ ਘਟਨਾਵਾਂ ਨੂੰ ਰੋਕਣ ਲਈ ‘ਕੌਮੀ ਇਸਲਾਮੋਫੋਬੀਆ-ਵਿਰੋਧੀ ਰਣਨੀਤੀ’ (National Anti-Islamophobia Strategy) ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਹੈ।






