ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਰੈਲੀ ਦੌਰਾਨ ਪੁਲੀਸ ਥਾਣੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲੀਸ ਦੇ ਅਨੁਸਾਰ, ਸਵਾਤ ਜ਼ਿਲ੍ਹੇ ਦੇ ਕਬਾਲ ਕਸਬੇ ਵਿੱਚ ਪੁਲੀਸ ਥਾਣੇ ਦੇ ਬਿਲਕੁਲ ਸਾਹਮਣੇ ਐਤਵਾਰ ਨੂੰ ਸਵਾਤ ਸ਼ਾਂਤੀ ਰੈਲੀ ਦੌਰਾਨ ਇਹ ਧਮਾਕਾ ਹੋਇਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਹੋਏ ਆਤਮਘਾਤੀ ਹਮਲੇ ਵਿੱਚ ਪੰਜ ਸੁਰੱਖਿਆ ਕਰਮਚਾਰੀਆਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਇੱਕ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।
ਪੁਲੀਸ ਨੇ ਸੋਮਵਾਰ ਨੂੰ ਦੱਸਿਆ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਤਿੰਨ ਹੋਰ ਜ਼ਖ਼ਮੀਆਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਮ੍ਰਿਤਕਾਂ ਵਿੱਚ ਸੱਤ ਪੁਲੀਸ ਮੁਲਾਜ਼ਮ ਅਤੇ 10 ਆਮ ਨਾਗਰਿਕ ਸ਼ਾਮਲ ਹਨ।
ਪੁਲੀਸ ਮੁਤਾਬਕ, ਮਾਰੇ ਗਏ ਤਿੰਨੋਂ ਲੋਕ ਉਨ੍ਹਾਂ ਜ਼ਖ਼ਮੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਧਮਾਕੇ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਵੀ 12 ਜ਼ਖ਼ਮੀ ਸੈਦੂ ਸ਼ਰੀਫ਼ ਟੀਚਿੰਗ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਜਿਨ੍ਹਾਂ ਵਿੱਚ ਅੱਠ ਪੁਲੀਸ ਮੁਲਾਜ਼ਮ ਅਤੇ ਚਾਰ ਆਮ ਨਾਗਰਿਕ ਸ਼ਾਮਲ ਹਨ।
ਹੁਣ ਤੱਕ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਸਵਾਤ ਸ਼ਾਂਤੀ ਰੈਲੀ ਦਾ ਆਯੋਜਨ ਸਥਾਨਕ ਕਬਾਇਲੀ ਕੌਂਸਲ ‘ਸਵਾਤ ਅਮਨ ਜਿਰਗਾ’ ਨੇ ਕੀਤਾ ਸੀ। ਰੈਲੀ ਵਿੱਚ ਸ਼ਾਮਲ ਲੋਕ ਖੇਤਰ ਵਿੱਚ ਸ਼ਾਂਤੀ ਦੀ ਮੰਗ ਨੂੰ ਲੈ ਕੇ ਨਾਅਰੇ ਲਾ ਰਹੇ ਸਨ ਅਤੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਸੀ ਕਿ ਪੁਲੀਸ ਦੀ ਨਾਕਾਮੀ ਕਾਰਨ ਪਿਛਲੇ ਕੁਝ ਮਹੀਨਿਆਂ ਵਿੱਚ ਇਲਾਕੇ ਦੀ ਸੁਰੱਖਿਆ ਸਥਿਤੀ ਵਿਗੜੀ ਹੈ।






