Air India Phuket Delhi Flight: ਫੁਕੇਟ ਤੋਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ ਫਲਾਈਟ AI2379 ਦੇ ਮੁੱਖ ਪਾਇਲਟ ਦੀ ਲੈਬਾਰਟਰੀ ਟੈਸਟ ਰਿਪੋਰਟ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਪੁਸ਼ਟੀ ਹੋ ਗਈ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ 4 ਅਗਸਤ ਨੂੰ ਏਅਰ ਇੰਡੀਆ ਦਾ ਜਹਾਜ਼ ਅਚਾਨਕ ਲਗਪਗ 300 ਫੁੱਟ ਹੇਠਾਂ ਡਿੱਗ ਕੇ ਸੰਤੁਲਿਤ ਹੋ ਗਿਆ ਜਿਸ ਕਾਰਨ 17 ਯਾਤਰੀ ਅਤੇ ਅਮਲੇ ਦੇ ਮੈਂਬਰ ਜ਼ਖਮੀ ਹੋ ਗਏ ਸਨ।
ਇਸ ਮਾਮਲੇ ਨੂੰ ਲੈ ਕੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਨਾਲ ਮੁਲਾਕਾਤ ਕੀਤੀ ਅਤੇ ਇਸ ਘਟਨਾ ਬਾਰੇ ਜਾਣਕਾਰੀ ਮੰਗੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਮਾਮਲੇ ਵਿਚ ਕੋਈ ਲਾਪ੍ਰਵਾਹੀ ਨਹੀਂ ਵਰਤੀ ਜਾਵੇਗੀ ਤੇ ਦੋਸ਼ੀ ਪਾਏ ਜਾਣ ’ਤੇ ਕਾਰਵਾਈ ਕੀਤੀ ਜਾਵੇਗੀ।
ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਦੋਵਾਂ ਪਾਇਲਟਾਂ ਦਾ ਲਾਜ਼ਮੀ ਨਸ਼ੀਲੇ ਪਦਾਰਥਾਂ ਦਾ ਟੈਸਟ ਕੀਤਾ ਗਿਆ ਸੀ। ਸਹਾਇਕ ਪਾਇਲਟ ਦੀ ਰਿਪੋਰਟ ਵਿੱਚ ਕੋਈ ਸਮੱਸਿਆ ਨਹੀਂ ਆਈ ਪਰ ਮੁੱਖ ਪਾਇਲਟ ਦੀ ਸ਼ੁਰੂਆਤੀ ਰਿਪੋਰਟ ਸ਼ੱਕੀ ਪਾਈ ਗਈ ਜਿਸ ਨੂੰ ਬਾਅਦ ਵਿੱਚ ਪੁਸ਼ਟੀ ਲਈ ਇੱਕ ਵਿਸ਼ੇਸ਼ ਪ੍ਰਯੋਗਸ਼ਾਲਾ ਵਿੱਚ ਭੇਜਿਆ ਗਿਆ ਸੀ ਅਤੇ ਹੁਣ ਉਹ ਪਾਜ਼ੇਟਿਵ ਆਈ ਹੈ।
ਜਾਂਚ ਮੁਕੰਮਲ ਹੋਣ ਤਕ ਪਾਇਲਟ ਨੂੰ ਉਡਾਣ ਭਰਨ ਤੋਂ ਰੋਕਿਆ
ਜਾਂਚ ਪੂਰੀ ਹੋਣ ਤੱਕ ਦੋਵਾਂ ਪਾਇਲਟਾਂ ਨੂੰ ਉਡਾਣ ਭਰਨ ਤੋਂ ਹਟਾ ਦਿੱਤਾ ਗਿਆ ਹੈ। ਸਰਕਾਰ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜੇਕਰ ਜਾਂਚ ਵਿੱਚ ਨਸ਼ੇ ਦੀ ਦੁਰਵਰਤੋਂ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਮੌਜੂਦਾ ਨਿਯਮਾਂ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਮੰਤਰੀ ਨੇ ਵਿਲਸਨ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਮੰਤਰਾਲੇ ਨੇ ਇਹ ਮੀਟਿੰਗ ਏਅਰ ਇੰਡੀਆ ਦੇ ਮੁਲਾਂਕਣ ਅਤੇ ਏਅਰਲਾਈਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਨੂੰ ਸਮਝਣ ਲਈ ਕੀਤੀ ਹੈ। ਮੰਤਰੀ ਨੇ ਸਪਸ਼ਟ ਕੀਤਾ ਕਿ ਹਵਾਬਾਜ਼ੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਆਪਣੀ ਰਸਮੀ ਜਾਂਚ ਜਾਰੀ ਰੱਖੇਗੀ ਅਤੇ ਮੰਤਰਾਲਾ ਅੰਤਿਮ ਰਿਪੋਰਟ ਦਾ ਇੰਤਜ਼ਾਰ ਕਰੇਗਾ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਨਸ਼ੇ ਦੀ ਦੁਰਵਰਤੋਂ ਨਾਲ ਜੁੜਿਆ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਰਕਾਰ ਨਿਯਮਾਂ ਵਿੱਚ ਬਦਲਾਅ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਖੁਲਾਸੇ ਤੋਂ ਬਾਅਦ ਜਾਂਚ ਤਕਨੀਕੀ ਖਰਾਬੀਆਂ ਦੇ ਨਾਲ-ਨਾਲ ਚਾਲਕ ਦਲ ਦੀ ਫਿੱਟਨੈੱਸ ਵੱਲ ਵੀ ਕੇਂਦ੍ਰਿਤ ਹੋ ਗਈ ਹੈ। ਮੰਤਰਾਲੇ ਦੇ ਮੁੱਖ ਦਫ਼ਤਰ ਵਿਖੇ ਹੋਈ ਇਸ ਮੀਟਿੰਗ ਵਿੱਚ ਏਅਰ ਇੰਡੀਆ ਦੇ ਸਮੁੱਚੇ ਸੁਰੱਖਿਆ ਅਤੇ ਕੰਮਕਾਜੀ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ।ਜਹਾਜ਼ ਵਿੱਚ ਆਈਆਂ ਤਕਨੀਕੀ ਖਰਾਬੀਆਂ ਅਤੇ ਕੌਮਾਂਤਰੀ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ ਜਾਂਚ
ਇਹ ਘਟਨਾ ਏਅਰ ਇੰਡੀਆ ਦੇ ਏਅਰਬੱਸ A320 ਜਹਾਜ਼ ਨਾਲ ਜੁੜੀ ਹੈ, ਜਿਸ ਦਾ ਰਜਿਸਟਰਡ ਨੰਬਰ VT-EXO ਹੈ ਅਤੇ ਇਹ ਪਾਇਲਟ 4 ਅਗਸਤ ਨੂੰ ਫੁਕੇਟ ਤੋਂ ਦਿੱਲੀ ਜਾ ਰਹੀ ਫਲਾਈਟ AI2379 ਨੂੰ ਚਲਾ ਰਿਹਾ ਸੀ। ਇਸ ਜਹਾਜ਼ ਵਿੱਚ 137 ਯਾਤਰੀ (ਜਿਨ੍ਹਾਂ ਵਿੱਚ ਤਿੰਨ ਬੱਚੇ ਸ਼ਾਮਲ ਸਨ) ਅਤੇ ਅਮਲੇ ਦੇ 8 ਮੈਂਬਰ ਸਵਾਰ ਸਨ। ਇਹ ਜਹਾਜ਼ ਅਚਾਨਕ 300 ਫੁੱਟ ਹੇਠਾਂ ਡਿੱਗ ਗਿਆ ਸੀ। ਇਸ ਤੋਂ ਬਾਅਦ ਜਹਾਜ਼ ਸੰਤੁਲਿਤ ਹੋ ਗਿਆ ਅਤੇ ਦਿੱਲੀ ਵਿੱਚ ਸੁਰੱਖਿਅਤ ਉਤਰ ਗਿਆ ਪਰ ਉਤਰਨ ਤੋਂ ਬਾਅਦ 13 ਯਾਤਰੀਆਂ ਅਤੇ 4 ਕੈਬਿਨ ਕਰਿਊ ਮੈਂਬਰਾਂ ਨੂੰ ਹਸਪਤਾਲ ਲਿਜਾਇਆ ਗਿਆ। ਅਮਲੇ ਦੇ ਕੁਝ ਮੈਂਬਰਾਂ ਦੀ ਰੀੜ੍ਹ ਦੀ ਹੱਡੀ ਅਤੇ ਗਰਦਨ ਵਿੱਚ ਸੱਟਾਂ ਲੱਗੀਆਂ। ਏਅਰ ਇੰਡੀਆ ਨੇ ਸ਼ੁਰੂ ਵਿੱਚ ਇਸ ਨੂੰ ਹਲਕੀ ਹਵਾ ਦੇ ਬੁੱਲੇ ਨਾਲ ਜੁੜੀ ਘਟਨਾ ਦੱਸਿਆ ਸੀ ਪਰ ਬਾਅਦ ਵਿੱਚ ਡੀਜੀਸੀਏ ਨੇ ਇਸ ਨੂੰ ਗੰਭੀਰ ਘਟਨਾ ਐਲਾਨ ਦਿੱਤਾ ਅਤੇ AAIB ਨੇ ਰਸਮੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਲਈ ਜਹਾਜ਼ ਦਾ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵੌਇਸ ਰਿਕਾਰਡਰ ਸੁਰੱਖਿਅਤ ਹਾਸਲ ਕਰ ਲਏ ਗਏ ਹਨ।ਤਿੰਨ ਵਾਰ ਹਾਇਡ੍ਰੌਲਿਕ ਸਿਸਟਮ ਹੋਇਆ ਸੀ ਫੇਲ੍ਹ
ਉਡਾਣ ਦੌਰਾਨ ਕਈ ਤਕਨੀਕੀ ਖਰਾਬੀਆਂ ਸਾਹਮਣੇ ਆਉਣ ਤੋਂ ਬਾਅਦ ਇਸ ਜਾਂਚ ਦਾ ਦਾਇਰਾ ਹੋਰ ਵਿਸ਼ਾਲ ਹੋ ਗਿਆ ਹੈ। ਸੂਤਰਾਂ ਅਨੁਸਾਰ ਇਸ ਏਅਰਬੱਸ ਵਿੱਚ ਆਟੋਪਾਇਲਟ ਡਿਸਕੁਨੈਕਟ ਹੋਣ, ਤਿੰਨ ਵਾਰ ਹਾਈਡ੍ਰੌਲਿਕ ਫੇਲ੍ਹ ਹੋਣ ਅਤੇ ਹੋਰ ਤਕਨੀਕੀ ਸਮੱਸਿਆਵਾਂ ਆਈਆਂ ਸਨ। ਆਟੋਪਾਇਲਟ ਮੋਡ ਬੰਦ ਹੋਣ ਤੋਂ ਬਾਅਦ ਸਹਾਇਕ ਪਾਇਲਟ ਨੇ ਜਹਾਜ਼ ਨੂੰ ਹੱਥੀਂ ਕੰਟਰੋਲ ਕੀਤਾ ਸੀ। ਇਸ ਦੌਰਾਨ ਫਲਾਈਟ ਕੰਟਰੋਲ ਸਟਾਫ ਦਾ ਸੁਨੇਹਾ ਵੀ ਆਇਆ ਅਤੇ ਕਈ ਸਵਿੱਚ ਵੀ ਬੰਦ ਹੋ ਗਏ ਸਨ। ਹੁਣ ਜਾਂਚ ਟੀਮ ਇਸ ਪੂਰੇ ਘਟਨਾਕ੍ਰਮ, ਜਹਾਜ਼ ਦੇ ਤਕਨੀਕੀ ਅਤੇ ਫਲਾਈਟ ਕਰਿਊ ਨਾਲ ਜੁੜੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਫਰਾਂਸ ਦੀ ਬਿਊਰੋ ਆਫ਼ ਇਨਕੁਆਰੀ ਐਂਡ ਐਨਾਲਿਸਿਸ ਅਤੇ ਜਹਾਜ਼ ਨਿਰਮਾਤਾ ਕੰਪਨੀ ਏਅਰਬੱਸ ਦੀਆਂ ਵਿਸ਼ੇਸ਼ ਟੀਮਾਂ ਵੀ AAIB ਦੀ ਮਦਦ ਲਈ ਭਾਰਤ ਪਹੁੰਚ ਚੁੱਕੀਆਂ ਹਨ।






