Trump Hormuz Claim: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਰਮੁਜ਼ ਜਲ ਮਾਰਗ ਨੂੰ ਅਮਰੀਕਾ ਦਾ ਹਿੱਸਾ ਦੱਸਦਿਆਂ ਸੋਸ਼ਲ ਮੀਡੀਆ ਉੱਤੇ ਇੱਕ ਨਕਸ਼ਾ ਪੋਸਟ ਕੀਤਾ ਹੈ। ਟਰੰਪ ਦੀ ਪੋਸਟ ਤੋਂ ਬਾਅਦ ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗਰੀਬਾਬਾਦੀ ਨੇ ਕਿਹਾ ਕਿ ਹਰਮੁਜ਼ ਜਲ ਮਾਰਗ ਨੂੰ ਅਮਰੀਕਾ ਦਾ ਹਿੱਸਾ ਦੱਸਣਾ ਸਿਰਫ਼ ਇੱਕ ਗ਼ਲਤਫ਼ਹਿਮੀ ਹੈ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਟਰੰਪ ਨੂੰ ਜਲਦੀ ਹੀ ਸਮਝ ਆ ਜਾਵੇਗਾ ਕਿ ਇਸ ਸਮੁੰਦਰੀ ਰਸਤੇ ਉੱਤੇ ਅਮਰੀਕਾ ਦਾ ਕੋਈ ਅਧਿਕਾਰ ਨਹੀਂ ਹੈ।
ਇਰਾਨੀ ਮੰਤਰੀ ਨੇ ਟਰੰਪ ਨੂੰ ਪੁਰਾਣੇ ਬਿਆਨ ਦੀ ਯਾਦ ਦਿਵਾਈ
ਇਰਾਨ ਦ ਉਪ ਵਿਦੇਸ਼ ਮੰਤਰੀ ਨੇ ਟਰੰਪ ਨੂੰ ਉਨ੍ਹਾਂ ਦੇ ਪੁਰਾਣੇ ਬਿਆਨ ਦੀ ਵੀ ਯਾਦ ਦਿਵਾਈ। ਦਰਅਸਲ, ਕੁਝ ਮਹੀਨੇ ਪਹਿਲਾਂ ਟਰੰਪ ਨੇ ‘ਫ਼ਾਰਸ ਦੀ ਖਾੜੀ’ ਦਾ ਨਾਂ ਬਦਲ ਕੇ ‘ਅਰਬ ਦੀ ਖਾੜੀ’ ਕਹਿਣ ਦਾ ਸੁਝਾਅ ਦਿੱਤਾ ਸੀ। ਇਸ ਉੱਤੇ ਇਰਾਨ ਨੇ ਸਖ਼ਤ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਇਹ ਨਾਂ ਸਦੀਆਂ ਤੋਂ ‘ਫ਼ਾਰਸ ਦੀ ਖਾੜੀ’ ਹੀ ਹੈ।
ਹੁਣ ਟਰੰਪ ਨੇ ਆਪਣੀ ਪੋਸਟ ਵਿੱਚ ‘ਫ਼ਾਰਸ ਦੀ ਖਾੜੀ’ ਸ਼ਬਦ ਦੀ ਵਰਤੋਂ ਕੀਤੀ ਹੈ। ਇਸ ਉੱਤੇ ਤਨਜ਼ ਕੱਸਦਿਆਂ ਗਰੀਬਾਬਾਦੀ ਨੇ ਕਿਹਾ ਕਿ ਜਦੋਂ ਟਰੰਪ ਨੇ ਇਸ ਵਾਰ ਸਹੀ ਨਾਂ ਦੀ ਵਰਤੋਂ ਕੀਤੀ ਹੈ ਤਾਂ ਉਮੀਦ ਹੈ ਕਿ ਉਨ੍ਹਾਂ ਨੂੰ ਇਹ ਵੀ ਸਮਝ ਆ ਜਾਵੇਗਾ ਕਿ ਹਰਮੁਜ਼ ਜਲ ਮਾਰਗ ਅਮਰੀਕਾ ਦਾ ਇਲਾਕਾ ਨਹੀਂ ਹੈ।
ਟਰੰਪ ਨੇ ਆਪਣੇ ਪਹਿਲੇ ਕਾਰਜਕਾਲ (2017) ਵਿੱਚ ਇਰਾਨ ਉੱਤੇ ਭਾਸ਼ਣ ਦਿੰਦਿਆਂ ਪਹਿਲੀ ਵਾਰ ਫ਼ਾਰਸ ਦੀ ਖਾੜੀ ਨੂੰ ਅਰਬ ਦੀ ਖਾੜੀ ਕਿਹਾ ਸੀ। ਇਰਾਨ ਵਿੱਚ ਇਸ ਨੂੰ ਰਾਸ਼ਟਰੀ ਪਛਾਣ ਦਾ ਮੁੱਦਾ ਮੰਨਿਆ ਜਾਂਦਾ ਹੈ, ਇਸ ਲਈ ਇਸ ਉੱਤੇ ਬਹੁਤ ਵਿਵਾਦ ਹੋਇਆ ਸੀ।






