ਰਾਸ਼ਟਰਪਤੀ ਭਵਨ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਬਿਆਨ ਵਾਪਸ ਲੈ ਲਿਆ, ਜਿਸ ਵਿੱਚ ਰਾਸ਼ਟਰਪਤੀ ਭਵਨ ‘ਚ ਸ਼ਨਿਚਰਵਾਰ ਦੇ ਰਵਾਇਤੀ ਸਮਾਗਮ ਨੂੰ ਰੱਦ ਕਰਨ ਨੂੰ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਫੇਰੀ ਨਾਲ ਜੋੜਿਆ ਗਿਆ ਸੀ।
ਰਹਿਮਾਨ ਦੀ ਫੇਰੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਬੰਗਲਾਦੇਸ਼ ਇਸ ਫੇਰੀ ਨੂੰ ਤੈਅ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ।
ਰਾਸ਼ਟਰਪਤੀ ਭਵਨ ਦਾ ਪਹਿਲਾ ਬਿਆਨ ਜਿਸ ਦਾ ਸਿਰਲੇਖ “ਇਸ ਸ਼ਨਿੱਚਰਵਾਰ ਨੂੰ ਚੇਂਜ ਆਫ਼ ਗਾਰਡ ਸਮਾਰੋਹ ਨਹੀਂ ਹੋਵੇਗਾ” (NO CHANGE OF GUARD CEREMONY THIS SATURDAY) ਸੀ, ਵਿੱਚ ਕਿਹਾ ਗਿਆ ਸੀ ਕਿ “ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਰਸਮੀ ਸਵਾਗਤ ਦੀ ਪੂਰੀ ਰਿਹਰਸਲ ਕਾਰਨ ਰਾਸ਼ਟਰਪਤੀ ਭਵਨ ਦੇ ਫੋਰਕੋਰਟ ਵਿਖੇ ਚੇਂਜ ਆਫ਼ ਗਾਰਡ ਸਮਾਰੋਹ ਇਸ ਸ਼ਨਿੱਚਰਵਾਰ (22 ਅਗਸਤ, 2026) ਨੂੰ ਨਹੀਂ ਹੋਵੇਗਾ।”
ਇਹ ਬਿਆਨ ਅੱਜ ਦੁਪਹਿਰ 2.13 ਵਜੇ ਜਾਰੀ ਕੀਤਾ ਗਿਆ ਸੀ। ਪਰ ਦੁਪਹਿਰ 3.28 ਵਜੇ ਇੱਕ ਵਾਪਸੀ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ, ‘’ਇਸ ਸ਼ਨਿੱਚਰਵਾਰ ਨੂੰ ਚੇਂਜ ਆਫ਼ ਗਾਰਡ ਸਮਾਰੋਹ ਨਹੀਂ ਹੋਵੇਗਾ’ ਵਿਸ਼ੇ ’ਤੇ 21 ਅਗਸਤ, 2026 ਨੂੰ ਜਾਰੀ ਕੀਤਾ ਗਿਆ ਪ੍ਰੈੱਸ ਬਿਆਨ ਵਾਪਸ ਲਿਆ ਜਾਂਦਾ ਹੈ।”
ਦੋਵੇਂ ਬਿਆਨ ਰਾਸ਼ਟਰਪਤੀ ਦੀ ਡਿਪਟੀ ਪ੍ਰੈੱਸ ਸਕੱਤਰ ਨਵਿਕਾ ਕੁਮਾਰ ਵੱਲੋਂ ਆਏ ਹਨ। ਟ੍ਰਿਬਿਊਨ ਸਮੂਹ ਨੂੰ ਪਤਾ ਲੱਗਾ ਹੈ ਕਿ ਤਾਰਿਕ ਰਹਿਮਾਨ ਦੀ ਫੇਰੀ ਦੀ ਪੁਸ਼ਟੀ ਨਾ ਹੋਣ ਕਾਰਨ ਵਿਦੇਸ਼ ਮੰਤਰਾਲੇ (MEA) ਵੱਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ ਰਾਸ਼ਟਰਪਤੀ ਭਵਨ ਨੇ ਇਹ ਬਿਆਨ ਵਾਪਸ ਲੈ ਲਿਆ ਹੈ।
ਰਾਸ਼ਟਰਪਤੀ ਭਵਨ ਦੇ ਤੈਅ ਪ੍ਰੋਟੋਕਾਲ ਤਹਿਤ, ਰਾਸ਼ਟਰਪਤੀ ਭਵਨ ਦਾ ਸੈਰੇਮੋਨੀਅਲ ਡਿਵੀਜ਼ਨ ਨਿਰਧਾਰਤ ਰਵਾਇਤੀ ਸਮਾਗਮਾਂ ਵਿੱਚ ਤਬਦੀਲੀਆਂ ਦੇ ਸੰਬੰਧ ਵਿੱਚ ਜਨਤਕ ਨੋਟਿਸ ਜਾਰੀ ਕਰਦਾ ਹੈ। ਇਹ ਜਨਤਕ ਨੋਟਿਸ ਮੀਡੀਆ ਵਿੱਚ ਪ੍ਰਸਾਰਣ ਲਈ ਰਾਸ਼ਟਰਪਤੀ ਭਵਨ ਦੇ ਪ੍ਰੈੱਸ ਵਿਭਾਗ ਨਾਲ ਸਾਂਝਾ ਕੀਤਾ ਜਾਂਦਾ ਹੈ।
ਪਤਾ ਲੱਗਿਆ ਹੈ ਕਿ ਅੱਜ ਵੀ ਇਹ ਪ੍ਰਕਿਰਿਆ ਅਪਣਾਈ ਗਈ ਸੀ।
ਪਹਿਲਾਂ ਵੀ ਰਾਸ਼ਟਰਪਤੀ ਭਵਨ ਵੱਲੋਂ ਅਜਿਹੇ ਜਨਤਕ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੇ ਰਵਾਇਤੀ ਸਮਾਗਮਾਂ ਨੂੰ ਆਲਮੀ ਨੇਤਾਵਾਂ ਦੀਆਂ ਆਉਣ ਵਾਲੀਆਂ ਰਾਜਕੀ ਯਾਤਰਾਵਾਂ ਨਾਲ ਜੋੜਿਆ ਗਿਆ ਸੀ।






