Punjab free electricity scheme: ਮਹਿੰਗਾਈ ਦੇ ਮੌਜੂਦਾ ਦੌਰ ਵਿੱਚ ਪੰਜਾਬ ਦੇ ਲੋਕਾਂ ਲਈ ਬਿਜਲੀ ਦੇ ਸਿਫ਼ਰ (ਜ਼ੀਰੋ) ਬਿੱਲ ਆਉਣਾ ਕਿਸੇ ਵੱਡੀ ਆਰਥਿਕ ਸੰਜੀਵਨੀ ਤੋਂ ਘੱਟ ਨਹੀਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵੱਲੋਂ 1 ਜੁਲਾਈ 2022 ਨੂੰ ਸ਼ੁਰੂ ਕੀਤੀ ਗਈ ‘ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ’ ਦੀ ਗਾਰੰਟੀ ਜ਼ਮੀਨੀ ਪੱਧਰ ’ਤੇ ਵੱਡੇ ਅਤੇ ਸਾਕਾਰਾਤਮਕ ਨਤੀਜੇ ਦਿਖਾ ਰਹੀ ਹੈ। ਅੰਕੜੇ ਗਵਾਹ ਹਨ ਕਿ ਇਸ ਵੇਲੇ ਪੰਜਾਬ ਦੇ ਲਗਪਗ 90 ਫ਼ੀਸਦੀ ਘਰੇਲੂ ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਇਸ ਅਹਿਮ ਫ਼ੈਸਲੇ ਨੇ ਆਮ ਅਤੇ ਦਰਮਿਆਨੇ ਵਰਗ ਦੇ ਪਰਿਵਾਰਾਂ ਦੇ ਮਹੀਨਾਵਾਰ ਬਜਟ ਵਿੱਚ ਵੱਡੀ ਬੱਚਤ ਕੀਤੀ ਹੈ ਜਿਸ ਨਾਲ ਉਨ੍ਹਾਂ ਦੀ ਵਿੱਤੀ ਸਥਿਤੀ ਨੂੰ ਠੁੰਮ੍ਹਣਾ ਮਿਲਿਆ ਹੈ।ਅਕਸਰ ਭਰ ਗਰਮੀਆਂ ਦੇ ਮਹੀਨਿਆਂ ਦੌਰਾਨ ਬਿਜਲੀ ਦੀ ਮੰਗ ਵਧਣ ਕਾਰਨ ਅਣਐਲਾਨੇ ਕੱਟ ਲੱਗਣੇ ਆਮ ਗੱਲ ਹੁੰਦੀ ਸੀ ਪਰ ਹੁਣ ਪ੍ਰਸ਼ਾਸਨਿਕ ਢਾਂਚੇ ਦੇ ਸੁਚੱਜੇ ਪ੍ਰਬੰਧਾਂ ਸਦਕਾ ਨਾ ਸਿਰਫ਼ ਘਰੇਲੂ ਖਪਤਕਾਰਾਂ ਬਲਕਿ ਉਦਯੋਗਿਕ ਖੇਤਰ ਨੂੰ ਵੀ ਬਿਨਾਂ ਕਿਸੇ ਵਿਘਨ ਤੋਂ ਲਗਾਤਾਰ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਸਨਅਤਾਂ ਨੂੰ ਨਿਰੰਤਰ ਬਿਜਲੀ ਮਿਲਣ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੀ ਹੈ ਅਤੇ ਕਾਰੋਬਾਰੀ ਮਾਹੌਲ ਸਾਜ਼ਗਾਰ ਹੋਇਆ ਹੈ।ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਦੇ ਕਿਸਾਨਾਂ ਲਈ ਬਿਜਲੀ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਲਈ ਮੁਫ਼ਤ ਅਤੇ ਨਿਰਵਿਘਨ ਸਪਲਾਈ ਦੀ ਵਚਨਬੱਧਤਾ ਨੂੰ ਪੂਰੀ ਸ਼ਿੱਦਤ ਨਾਲ ਨਿਭਾਇਆ ਜਾ ਰਿਹਾ ਹੈ। ਝੋਨੇ ਦੀ ਲਵਾਈ ਅਤੇ ਸਿੰਚਾਈ ਵੇਲੇ ਟਿਊਬਵੈੱਲਾਂ ਲਈ 8 ਘੰਟੇ ਤੋਂ ਵੱਧ ਦੀ ਬਿਜਲੀ ਸਪਲਾਈ ਯਕੀਨੀ ਬਣਾਈ ਗਈ।
ਇਸ ਤੋਂ ਵੀ ਵੱਡੀ ਰਾਹਤ ਇਹ ਹੈ ਕਿ ਪਹਿਲਾਂ ਜਿੱਥੇ ਕਿਸਾਨਾਂ ਨੂੰ ਰਾਤਾਂ ਜਾਗ ਕੇ, ਖ਼ਤਰੇ ਸਹੇੜ ਕੇ ਖੇਤਾਂ ਨੂੰ ਪਾਣੀ ਲਾਉਣਾ ਪੈਂਦਾ ਸੀ, ਉੱਥੇ ਹੀ ਹੁਣ 75 ਫ਼ੀਸਦੀ ਤੋਂ ਵੱਧ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦਿੱਤੀ ਜਾ ਰਹੀ ਹੈ। ਝੋਨੇ ਦੇ ਸੀਜ਼ਨ ਦੌਰਾਨ ਇਹ ਅੰਕੜਾ ਵਧਾ ਕੇ 95 ਫ਼ੀਸਦੀ ਤੱਕ ਕਰ ਦਿੱਤਾ ਗਿਆ ਜਿਸ ਨੇ ਕਿਸਾਨਾਂ ਦੀ ਜੀਵਨ ਸ਼ੈਲੀ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ।
ਇਨ੍ਹਾਂ ਸਹੂਲਤਾਂ ਨੂੰ ਲੰਮੇ ਸਮੇਂ ਤੱਕ ਜਾਰੀ ਰੱਖਣ ਲਈ ਸੂਬਾ ਸਰਕਾਰ ਨੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਉਚੇਚਾ ਧਿਆਨ ਦਿੱਤਾ ਹੈ। ਇਸੇ ਤਹਿਤ ਸਰਕਾਰ ਨੇ 540 ਮੈਗਾਵਾਟ ਸਮਰੱਥਾ ਵਾਲਾ ‘ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ’ ਖ਼ਰੀਦ ਕੇ ਇੱਕ ਇਤਿਹਾਸਕ ਪ੍ਰਾਪਤੀ ਦਰਜ ਕੀਤੀ, ਜਿਸ ਨਾਲ ਪੰਜਾਬ ਦੀ ਆਪਣੀ ਬਿਜਲੀ ਉਤਪਾਦਨ ਸਮਰੱਥਾ ਵਿੱਚ ਚੋਖਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ) ਦੀ ਕਾਰਜ ਪ੍ਰਣਾਲੀ ਨੂੰ ਪਹਿਲਾਂ ਨਾਲੋਂ ਵਧੇਰੇ ਪਾਰਦਰਸ਼ੀ ਅਤੇ ਕੁਸ਼ਲ ਬਣਾਇਆ ਗਿਆ ਹੈ। ਨਤੀਜਨ, ਜਿੱਥੇ ਟਰਾਂਸਮਿਸ਼ਨ ਲਾਈਨਾਂ ਦੇ ਨੁਕਸਾਨ ਘਟੇ ਹਨ, ਉੱਥੇ ਹੀ ਵਿਭਾਗ ਵਿੱਤੀ ਤੌਰ ’ਤੇ ਮਜ਼ਬੂਤ ਹੋਇਆ ਹੈ ਅਤੇ ਮੁਨਾਫ਼ੇ ਵਿੱਚ ਆਇਆ ਹੈ। ਇਹ ਵਰਤਾਰਾ ਸਪੱਸ਼ਟ ਕਰਦਾ ਹੈ ਕਿ ਸਰਕਾਰੀ ਖ਼ਜ਼ਾਨੇ ਦਾ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਲਈ ਇਮਾਨਦਾਰੀ ਨਾਲ ਵਰਤਿਆ ਜਾ ਰਿਹਾ ਹੈ।






