Sachin Pilot Unites Congress: ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਪੰਜਾਬ ਕਾਂਗਰਸ ਵੱਲੋਂ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਕੀਤਾ ਗਿਆ ਜਿਨ੍ਹਾਂ ਨੇ ਵੱਖ-ਵੱਖ ਧੜਿਆਂ ਵਿੱਚ ਵੰਡੀ ਹੋਈ ਕਾਂਗਰਸ ਨੂੰ ਇੱਕ ਮੰਚ ’ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਇਸ ਰੋਸ ਪ੍ਰਦਰਸ਼ਨ ਦੌਰਾਨ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਇੱਕੋ ਮੰਚ ‘ਤੇ ਨਜ਼ਰ ਆਏ।
ਜੇ ਕੋਈ ਗੱਲ ਨਹੀਂ ਸੁਣਦਾ ਤਾਂ ਸਿੱਧਾ ਮੇਰੇ ਨਾਲ ਸੰਪਰਕ ਕੀਤਾ ਜਾਵੇ: ਪਾਇਲਟ
ਸਚਿਨ ਪਾਇਲਟ ਨੇ ਅੱਜ ਸਪਸ਼ਟ ਸੁਨੇਹਾ ਦਿੱਤਾ ਕਿ ਪੰਜਾਬ ਵਿਚ ਕੋਈ ਧੜੇਬੰਦੀ ਨਹੀਂ ਹੈ ਤੇ ਜੇ ਕੋਈ ਵੀ ਆਗੂ ਕਿਸੇ ਵਰਕਰ ਦੀ ਗੱਲ ਨਹੀਂ ਸੁਣਦਾ ਤਾਂ ਇਸ ਹਾਲਤ ਵਿਚ ਉਨ੍ਹਾਂ (ਪਾਇਲਟ) ਨਾਲ ਸਿੱਧਾ ਸੰਪਰਕ ਕੀਤਾ ਜਾਵੇ। ਸਚਿਨ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਉਨ੍ਹਾਂ ਵਰਕਰਾਂ ਵਿਚ ਜੋਸ਼ ਭਰਦਿਆਂ ਕਿਹਾ ਕਿ ਪੰਜਾਬ ਦੀ ਲੜਾਈ ਵਿਚ ਉਹ ਸਭ ਤੋਂ ਅੱਗੇ ਰਹਿਣਗੇ।
ਹਰ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ: ਪਾਇਲਟ
ਪਾਇਲਟ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਉਨ੍ਹਾਂ ਨੂੰ ਸੂਬੇ ਤੋਂ ਲੈ ਕੇ ਕੇਂਦਰ ਤਕ ਦਾ ਤਜਰਬਾ ਹੈ। ਉਹ ਸੱਤਾ ਵਿਚ ਵੀ ਰਹੇ ਹਨ ਤੇ ਵਿਰੋਧੀ ਧਿਰ ਵਿਚ ਵੀ ਤੇ ਉਹ ਹਰ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਪਾਇਲਟ ਨੇ ਚੰਨੀ ਤੇ ਵੜਿੰਗ ਦੇ ਹੱਥ ਵੀ ਮਿਲਾਏ
ਪਾਇਲਟ ਨੇ ਜਨਤਕ ਤੌਰ ’ਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਮੰਚ ‘ਤੇ ਚੰਨੀ ਅਤੇ ਵੜਿੰਗ ਦੇ ਹੱਥ ਵੀ ਮਿਲਾਏ। ਸਚਿਨ ਪਾਇਲਟ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਨੂੰ ਚੰਡੀਗੜ੍ਹ ਪੁਲੀਸ ਨੇ ਰਸਤੇ ਵਿੱਚ ਹੀ ਰੋਕ ਲਿਆ ਅਤੇ ਪਾਇਲਟ, ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਿਰਾਸਤ ਵਿੱਚ ਲੈ ਲਿਆ। ਚੰਨੀ ਅਤੇ ਉਨ੍ਹਾਂ ਦੇ ਸਮੂਹ ਦੇ ਹੋਰ ਆਗੂ ਮਾਰਚ ਵਿੱਚ ਤਾਂ ਸ਼ਾਮਲ ਹੋਏ ਪਰ ਉਹ ਪੁਲੀਸ ਸਟੇਸ਼ਨ ਵਿੱਚ ਵੜਿੰਗ ਦੇ ਨਾਲ ਨਹੀਂ ਗਏ।
ਗੁਲਜ਼ਾਰ ਸਿੰਘ ਦੀ ਮੌਤ ਦੀ ਨਿਰਪੱਖ ਜਾਂਚ ਦੀ ਮੰਗ ਅਤੇ ‘ਆਪ’ ਸਰਕਾਰ ’ਤੇ ਸ਼ਬਦੀ ਹਮਲੇ
ਇਕੱਠ ਨੂੰ ਸੰਬੋਧਨ ਕਰਦਿਆਂ ਸਚਿਨ ਪਾਇਲਟ ਨੇ ਗੁਲਜ਼ਾਰ ਸਿੰਘ ਦੀ ਮੌਤ ਦੀ ਸੁਤੰਤਰ ਜਾਂਚ ਕਰਵਾਉਣ ਅਤੇ ਐੱਫ.ਆਈ.ਆਰ. ਵਿੱਚ ਹਰਪਾਲ ਚੀਮਾ ਦਾ ਨਾਂ ਸ਼ਾਮਲ ਕਰਨ ਦੀ ਮੰਗ ਕੀਤੀ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਆਪ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਆਪਣੇ ਸਿਖਰ ‘ਤੇ ਪਹੁੰਚ ਚੁੱਕੀ ਹੈ। ਪਾਇਲਟ ਨੇ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਰਪਾਲ ਚੀਮਾ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਪਰ ਤੁਸੀਂ ਅਹੁਦੇ ‘ਤੇ ਬੈਠੇ ਹੋ ਅਤੇ ਵਿੱਤ ਮੰਤਰੀ ਹੋ। ਜਦੋਂ ਇੱਕ ਵਿਅਕਤੀ ਆਪਣੀ ਜਾਨ ਦੇ ਰਿਹਾ ਹੈ ਅਤੇ ਵੀਡੀਓ ਵਿੱਚ ਇਹ ਕਹਿ ਰਿਹਾ ਹੈ ਕਿ ਉਹ ਇਸ ਵਿਅਕਤੀ ਕਾਰਨ ਆਪਣੀ ਜਾਨ ਦੇ ਰਿਹਾ ਹੈ ਤਾਂ ਕੀ ਕਾਨੂੰਨ ਇਹ ਨਹੀਂ ਕਹਿੰਦਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਐੱਫ.ਆਈ.ਆਰ. ਦਰਜ ਹੋਣੀ ਚਾਹੀਦੀ ਹੈ?
ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਅਤੇ ਪੰਜਾਬ ਨੂੰ ਨਸ਼ਿਆਂ ਦੇ ਕਾਲੇ ਹਨੇਰੇ ਵੱਲ ਧੱਕਣ ਦਾ ਕੰਮ ਕੀਤਾ ਹੈ। ਪਾਇਲਟ ਨੇ ਦਾਅਵਾ ਕੀਤਾ ਕਿ ਅੱਜ ਘਰ-ਘਰ ਚਿੱਟਾ ਪਹੁੰਚਾਇਆ ਜਾ ਰਿਹਾ ਹੈ, ਬੱਸ ਇੱਕ ਫ਼ੋਨ ਕਾਲ ਕਰਨ ਦੀ ਦੇਰ ਹੈ ਅਤੇ ਨਸ਼ਾ ਹਰ ਘਰ ਤੱਕ ਪਹੁੰਚ ਰਿਹਾ ਹੈ।






