ਮਹਿਲਾ ਸਪੋਰਟਸ ਬਾਈਕ ਸਵਾਰ ਨੂੰ ਟੱਕਰ ਮਾਰਨ ਦੇ ਦੋਸ਼ੀ ਕਾਰ ਡਰਾਈਵਰ ਕਲਿਆਣ ਬੈਂਸਲਾ ਨੇ ਮੰਗਲਵਾਰ ਨੂੰ ਰਾਜਸਥਾਨ ਵਿੱਚ ਰਾਜਗੜ੍ਹ-ਦੌਸਾ ਰੋਡ ਤੋਂ ਫੜੇ ਜਾਣ ਸਮੇਂ ਪਿਸ਼ਾਬ ਕਰਨ ਦੇ ਬਹਾਨੇ ਪੁਲੀਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਇਸ ਕੋਸ਼ਿਸ਼ ਦੌਰਾਨ ਡਿੱਗਣ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਉਸ ਨੂੰ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ।
ਘਟਨਾ ਵਿੱਚ ਵਰਤੀ ਗਈ ਕਾਰ, ਜੋ ਕਿ ਦੋਸ਼ੀ ਦੇ ਇੱਕ ਜਾਣਕਾਰ ਦੇ ਨਾਂ ‘ਤੇ ਰਜਿਸਟਰਡ ਹੈ, ਮੁਲਜ਼ ਦੇ ਕਬਜ਼ੇ ਵਿੱਚੋਂ ਬਰਾਮਦ ਕਰ ਲਈ ਗਈ ਹੈ। ਪੁਲੀਸ ਨੇ ਬੈਂਸਲਾ ਦੇ ਇੱਕ ਦੋਸਤ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਸ ਦੀ ਪਛਾਣ ਲਵਨੀਸ਼ ਵਜੋਂ ਹੋਈ ਹੈ, ਜੋ ਘਟਨਾ ਸਮੇਂ ਬੈਂਸਲਾ ਦੇ ਨਾਲ ਸੀ। ਉਹ ਬੈਂਸਲਾ ਦਾ ਦੂਰ ਦਾ ਚਚੇਰਾ ਭਰਾ ਹੈ ਅਤੇ ਪੁਲੀਸ ਪੂਰੀ ਘਟਨਾ ਵਿੱਚ ਲਵਨੀਸ਼ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਪੁਲੀਸ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਕਲਿਆਣ ਬੈਂਸਲਾ (33) ਵਜੋਂ ਹੋਈ ਹੈ, ਜੋ ਪਲਵਲ ਜ਼ਿਲ੍ਹੇ ਦੇ ਚੰਦਹਾਟ ਦਾ ਰਹਿਣ ਵਾਲਾ ਹੈ। ਉਹ ਇੱਕ ਜਿੰਮ ਸੰਚਾਲਕ ਹੈ ਅਤੇ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਵੀ ਲੱਗਿਆ ਹੋਇਆ ਹੈ।
ਡੀ.ਸੀ.ਪੀ. ਪੂਰਬ, ਸੰਦੀਪ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਮੀਡੀਆ ਨੂੰ ਇੰਟਰਵਿਊ ਦੇਣ ਤੋਂ ਬਾਅਦ ਮੁਲਜ਼ਮ ਕਾਰ ਡਰਾਈਵਰ ਨੇ ਆਪਣਾ ਮੋਬਾਈਲ ਫ਼ੋਨ ਬੰਦ ਕਰ ਦਿੱਤਾ ਅਤੇ ਪੁਲੀਸ ਤੋਂ ਬਚਣ ਲਈ ਫਰਾਰ ਹੋ ਗਿਆ। ਤਿੰਨ ਟੀਮਾਂ ਬਣਾਈਆਂ ਗਈਆਂ ਸਨ ਅਤੇ ਆਖ਼ਰਕਾਰ ਉਸ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲੀਸ ਅਨੁਸਾਰ, 14 ਸਤੰਬਰ ਦੀ ਸਵੇਰ ਨੂੰ, ਇੱਕ ਮਹਿਲਾ ਬਾਈਕ ਸਵਾਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਦਿਖਾਇਆ ਗਿਆ ਕਿ ਉਸਨੂੰ ਪਿਛਲੀ ਸਵੇਰ (13 ਸਤੰਬਰ) ਗੋਲਫ ਕੋਰਸ ਰੋਡ ‘ਤੇ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ। ਵੀਡੀਓ ਗੁਰੂਗ੍ਰਾਮ ਪੁਲੀਸ ਦੇ ਨੋਟਿਸ ਵਿੱਚ ਆਉਣ ‘ਤੇ, ਪੀੜਤਾ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਕਿਉਂਕਿ ਔਰਤ ਵੱਲੋਂ ਕੋਈ ਰਸਮੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਸੀ, ਇਸ ਲਈ ਗੁਰੂਗ੍ਰਾਮ ਪੁਲੀਸ ਨੇ ਇਸ ਘਟਨਾ ਦਾ ਖੁਦ ਨੋਟਿਸ ਲਿਆ ਅਤੇ ਸੈਕਟਰ-56 ਪੁਲੀਸ ਸਟੇਸ਼ਨ ਵਿਖੇ ਸਬੰਧਤ ਧਾਰਾਵਾਂ ਤਹਿਤ ਤੁਰੰਤ ਕੇਸ ਦਰਜ ਕਰ ਲਿਆ।
ਇਸ ਦੌਰਾਨ, ਦੋਸ਼ੀ ਕਾਰ ਡਰਾਈਵਰ ਕਲਿਆਣ ਬੈਂਸਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ, ਹਿੱਟ-ਐਂਡ-ਰਨ ਮਾਮਲੇ ਦੀ ਪੀੜਤਾ ਬਾਈਕਰ ਸ਼ਿਵਾਨੀ ਚੌਹਾਨ ਉਰਫ਼ ਸੀਆ ਵੀ ਮੰਗਲਵਾਰ ਨੂੰ ਪੁਲੀਸ ਜਾਂਚ ਵਿੱਚ ਸ਼ਾਮਲ ਹੋ ਗਈ। ਉਸ ਨੇ ਪੁਲਿਸ ਨੂੰ ਇੱਕ ਰਸਮੀ ਲਿਖਤੀ ਸ਼ਿਕਾਇਤ ਸੌਂਪੀ ਜਿਸ ਵਿੱਚ ਉਸ ਨੇ ਕਾਰ ਡਰਾਈਵਰ ਬੈਂਸਲਾ ਵਿਰੁੱਧ ਗੰਭੀਰ ਦੋਸ਼ ਲਾਏ।
ਸੀਆ ਦੀ ਸ਼ਿਕਾਇਤ ਤੋਂ ਬਾਅਦ, ਗੁਰੂਗ੍ਰਾਮ ਪੁਲੀਸ ਨੇ ਨਾ ਸਿਰਫ਼ ਕਤਲ ਦੀ ਕੋਸ਼ਿਸ਼ ਦੀ ਧਾਰਾ ਜੋੜੀ ਸਗੋਂ ਦੋ ਹੋਰ ਧਾਰਾਵਾਂ ਵੀ ਜੋੜ ਦਿੱਤੀਆਂ। ਪੁਲੀਸ ਅਨੁਸਾਰ, ਬੀ.ਐੱਨ.ਐੱਸ. ਦੀਆਂ ਧਾਰਾਵਾਂ 78 (ਸਰੀਰਕ ਅਤੇ ਡਿਜੀਟਲ ਪਿੱਛਾ ਕਰਨਾ), 79 (ਕਿਸੇ ਔਰਤ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕੋਈ ਸ਼ਬਦ, ਆਵਾਜ਼, ਇਸ਼ਾਰਾ, ਵਸਤੂ ਜਾਂ ਗੋਪਨੀਯਤਾ ਦੀ ਉਲੰਘਣਾ ਕਰਨ ਦੀ ਵਰਤੋਂ), ਅਤੇ 109 (ਕਤਲ ਦੀ ਕੋਸ਼ਿਸ਼) ਐੱਫ.ਆਈ.ਆਰ. ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।
ਸੰਦੀਪ ਕੁਮਾਰ, ਡੀ.ਸੀ.ਪੀ., ਪੂਰਬ ਨੇ ਕਿਹਾ, “ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਦੋਸ਼ੀ ਉਸਦਾ ਪਿੱਛਾ ਕਰ ਰਿਹਾ ਸੀ ਅਤੇ ਉਸਨੇ ਅਸ਼ਲੀਲ ਟਿੱਪਣੀਆਂ ਵੀ ਕੀਤੀਆਂ। ਉਸਦਾ ਦਾਅਵਾ ਹੈ ਕਿ ਉਸ ਨੇ ਜਾਣਬੁੱਝ ਕੇ ਉਸਦੀ ਬਾਈਕ ਨੂੰ ਟੱਕਰ ਮਾਰੀ। ਅਸੀਂ ਦੋਸ਼ੀ ਕਲਿਆਣ ਬੈਂਸਲਾ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਰਾਜਸਥਾਨ ਵਿੱਚ ਦੌਸਾ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ। ਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਸੀਂ ਉਸਨੂੰ ਪੁਲੀਸ ਰਿਮਾਂਡ ‘ਤੇ ਲਵਾਂਗੇ, ਜਦੋਂ ਕਿ ਉਸਦੇ ਦੋਸਤ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਨੂੰ ਵੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 183 ਤਹਿਤ ਆਪਣਾ ਬਿਆਨ ਦਰਜ ਕਰਵਾਉਣ ਲਈ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅੱਗੇ ਦੀ ਜਾਂਚ ਜਾਰੀ ਹੈ।”
ਦੂਜੇ ਪਾਸੇ, ਦੋਸ਼ੀ ਕਲਿਆਣ ਬੈਂਸਲਾ ਦੇ ਵਕੀਲ ਨਵੀਨ ਬੈਂਸਲਾ ਨੇ ਕਿਹਾ ਕਿ ਉਸਦੇ ਮੁਵੱਕਿਲ ਨੇ ਹਾਦਸੇ ਤੋਂ ਬਾਅਦ ਮੌਕੇ ਤੋਂ ਇਸ ਲਈ ਭੱਜਿਆ ਕਿਉਂਕਿ ਉਸਨੂੰ ਭੀੜ ਵੱਲੋਂ ਕੁੱਟੇ ਜਾਣ ਦਾ ਡਰ ਸੀ—ਖਾਸ ਕਰਕੇ, ਉਸ ਨੂੰ ਲਿੰਚ ਕੀਤੇ ਜਾਣ ਦਾ ਡਰ ਸੀ। ਉਸਨੇ ਮੋਟਰਸਾਈਕਲ ਸਵਾਰਾਂ ‘ਤੇ ਤੇਜ਼ ਰਫ਼ਤਾਰ ਨਾਲ ਚੱਲਣ ਅਤੇ ਕਲਿਆਣ ਨੂੰ ਭੜਕਾਉਣ ਦਾ ਦੋਸ਼ ਲਾਇਆ।
ਉਸਨੇ ਅੱਗੇ ਕਿਹਾ ਕਿ ਉਸਦਾ ਮੁਵੱਕਿਲ ਗਲਤ ਨਹੀਂ ਸੀ। ਮੋਟਰਸਾਈਕਲ ਸਵਾਰ ਤੇਜ਼ ਰਫ਼ਤਾਰ ਵਿੱਚ ਸਨ ਅਤੇ ਹਾਦਸਾ ਉਨ੍ਹਾਂ ਦੇ ਕਾਰਨ ਵਾਪਰਿਆ।
ਬੈਂਸਲਾ ਦੇ ਵਕੀਲ ਨੇ ਕਿਹਾ, “ਮੌਕੇ ‘ਤੇ ਲਗਪਗ 25 ਤੋਂ 30 ਬਾਈਕ ਸਵਾਰ ਸਨ। ਇਹ ਸਵਾਰ 120 ਤੋਂ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਫ਼ਰ ਕਰ ਰਹੇ ਸਨ। ਸੀਆ ਅਤੇ ਇੱਕ ਹੋਰ ਸਵਾਰ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ‘ਸੰਪਾਦਿਤ ਅਤੇ ਪਲਾਂਟਡ’ ਹਨ।”
ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਸਵਾਰਾਂ ਨੂੰ ਪੂਰੀ ਸੜਕ ਦੀ ਚੌੜਾਈ ਵਿੱਚ ਸਟੰਟ ਕਰਨ, ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਪਾਉਣ ਦੀ ਇਜਾਜ਼ਤ ਕੌਣ ਦਿੰਦਾ ਹੈ।






