ਮੀਡੀਆ ਰਿਪੋਰਟਾਂ ਅਨੁਸਾਰ ਲੋਅਰ ਮੈਨਹੈਟਨ ਦੇ ਇੱਕ ਸਬਵੇਅ ਸਟੇਸ਼ਨ ’ਤੇ ਪਟੜੀਆਂ ’ਤੇ ਬੈਠਣ ਦੌਰਾਨ ਟਰੇਨ ਦੀ ਚਪੇਟ ’ਚ ਆਉਣ ਨਾਲ ਭਾਰਤੀ ਮੂਲ ਦੀ ਇੱਕ ਮੁਟਿਆਰ ਅਤੇ ਉਸ ਦੇ ਨੇਪਾਲੀ-ਅਮਰੀਕੀ ਦੋਸਤ (ਦੋਵਾਂ ਦੀ ਉਮਰ 24 ਸਾਲ) ਦੀ ਮੌਤ ਹੋ ਗਈ।
ਨਿਊਯਾਰਕ ਪੁਲੀਸ ਵਿਭਾਗ (ਐੱਨਵਾਈਪੀਡੀ) ਨੇ ਦੱਸਿਆ ਕਿ ਡੇਟਨ, ਨਿਊ ਜਰਸੀ ਦੀ ਰਹਿਣ ਵਾਲੀ ਮਲਾਇਕਾ ਚਿਤ੍ਰੇ ਅਤੇ ਸੇਅਰੇਵਿਲੇ, ਨਿਊ ਜਰਸੀ ਦਾ ਰਹਿਣ ਵਾਲਾ ਨਵਮ ਕੌਲ ਸਪ੍ਰਿੰਗ ਸਟ੍ਰੀਟ ਸਬਵੇਅ ਸਟੇਸ਼ਨ ਉੱਤੇ ਪਟੜੀ ’ਤੇ ਮੌਜੂਦ ਸਨ, ਜਦੋਂ ਤੜਕੇ ਲਗਪਗ 3:15 ਵਜੇ ਦੱਖਣ ਵੱਲ ਜਾ ਰਹੀ 4 ਨੰਬਰ ਟਰੇਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਇੱਕ ਰਾਹਗੀਰ ਵੱਲੋਂ ਰਿਕਾਰਡ ਕੀਤੀ ਗਈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਦਿੱਤਾ ਕਿ ਟਰੇਨ ਦੀ ਟੱਕਰ ਤੋਂ ਕੁਝ ਸੈਕਿੰਡ ਪਹਿਲਾਂ ਦੋਵੇਂ ਦੋਸਤ ਪਟੜੀ ’ਤੇ ਆਰਾਮ ਨਾਲ ਬੈਠੇ ਹੋਏ ਸਨ। ‘ਨਿਊਯਾਰਕ ਪੋਸਟ’ ਵੱਲੋਂ ਹਵਾਲਾ ਦਿੱਤੇ ਸਰੋਤਾਂ ਅਨੁਸਾਰ, ਟਰੇਨ ਚਾਲਕ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਦੋਵੇਂ ਪਟੜੀ ’ਤੇ ਬੈਠੇ ਸਨ ਤਾਂ ਚਿਤ੍ਰੇ ਹੱਸ ਰਹੀ ਜਾਪਦੀ ਸੀ ਅਤੇ ਉਹ ਕੌਲ ਨੂੰ ਆਪਣੀ ਵੱਲ ਖਿੱਚ ਰਹੀ ਸੀ।
ਕਾਨੂੰਨ ਲਾਗੂ ਕਰਨ ਵਾਲੇ ਸਰੋਤਾਂ ਨੇ ਦੱਸਿਆ ਕਿ ਦੋਵਾਂ ਪੀੜਤਾਂ ਵਿੱਚੋਂ ਇੱਕ ਸ਼ਾਇਦ ਪਟੜੀ ’ਤੇ ਡਿੱਗ ਪਿਆ ਸੀ ਜਾਂ ਹੇਠਾਂ ਉਤਰ ਗਿਆ ਸੀ, ਜਿਸ ਤੋਂ ਬਾਅਦ ਦੂਜਾ ਉਸ ਦੀ ਮਦਦ ਲਈ ਹੇਠਾਂ ਗਿਆ ਹੋ ਸਕਦਾ ਹੈ।
ਟਰੇਨ ਚਾਲਕ ਨੇ ਕਥਿਤ ਤੌਰ ’ਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਚਿਤ੍ਰੇ ਅਤੇ ਕੌਲ ਨੂੰ ਪਟੜੀਆਂ ’ਤੇ ਦੇਖਿਆ ਅਤੇ ਐਮਰਜੈਂਸੀ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਸਮੇਂ ਸਿਰ ਟਰੇਨ ਨੂੰ ਰੋਕ ਨਹੀਂ ਸਕੇ। ਸਟੇਸ਼ਨ ’ਤੇ ਦੋ ਵਿਅਕਤੀਆਂ ਨੂੰ ਮਦਦ ਦੀ ਲੋੜ ਹੋਣ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲੀਸ ਨੇ ਦੋਵਾਂ ਮੁਟਿਆਰਾਂ/ਨੌਜਵਾਨਾਂ ਨੂੰ ਟੱਕਰ ਤੋਂ ਬਾਅਦ ਪਟੜੀ ’ਤੇ ਪਾਇਆ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
‘ਨਿਊਯਾਰਕ ਡੇਲੀ ਨਿਊਜ਼’ ਅਨੁਸਾਰ ਘਟਨਾ ਤੋਂ ਬਾਅਦ ਟਰੇਨ ‘ਚੋਂ ਲਗਪਗ 100 ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।
ਦੋਵੇਂ ਪਟੜੀ ‘ਤੇ ਕਿਉਂ ਸਨ ?
ਚਿਤ੍ਰੇ ਅਤੇ ਕੌਲ ਪਟੜੀ ’ਤੇ ਕਿਉਂ ਸਨ, ਇਸ ਨਾਲ ਜੁੜੀਆਂ ਪਰਿਸਥਿਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਨੂੰਨ ਲਾਗੂ ਕਰਨ ਵਾਲੇ ਸਰੋਤਾਂ ਨੇ ‘ਨਿਊਯਾਰਕ ਪੋਸਟ’ ਨੂੰ ਦੱਸਿਆ ਕਿ ਡਿਟੈਕਟਿਵ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਦੋਵਾਂ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਬਹੁਤ ਦੇਰ ਹੋਣ ਤੱਕ ਉਨ੍ਹਾਂ ਨੂੰ ਖਤਰੇ ਦਾ ਅਹਿਸਾਸ ਨਹੀਂ ਹੋਇਆ। ਸਰੋਤਾਂ ਨੇ ਦੱਸਿਆ ਕਿ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ, ਹਾਲਾਂਕਿ ਜਾਂਚਕਰਤਾਵਾਂ ਨੇ ਖੁਦਕੁਸ਼ੀ ਦੇ ਸੰਭਾਵੀ ਕਾਰਨ ਨੂੰ ਨਕਾਰਿਆ ਨਹੀਂ ਹੈ।
ਦੋਵੇਂ ਰਟਗਰਜ਼ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸਨ
ਲਿੰਕਡਇਨ ਪ੍ਰੋਫਾਈਲਾਂ ਅਨੁਸਾਰ, ਚਿਤ੍ਰੇ ‘ਅਕੇਡੀਆ ਫਾਰਮਾਸਿਊਟੀਕਲਜ਼’ ਵਿੱਚ ਇੱਕ ਅਪਰੇਸ਼ਨ ਸਪੈਸ਼ਲਿਸਟ ਵਜੋਂ ਕੰਮ ਕਰਦੀ ਸੀ, ਜਦੋਂ ਕਿ ਕੌਲ ‘ਬਲੂਮਬਰਗ’ ਵਿੱਚ ਇੱਕ ਫਾਈਨੈਂਸ਼ੀਅਲ ਡਾਟਾ ਐਨਾਲਿਸਟ ਸੀ। ਦੋਵੇਂ ਰਟਗਰਜ਼ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸਨ ਅਤੇ ਲਗਪਗ ਇੱਕੋ ਸਮੇਂ ਗ੍ਰੈਜੂਏਟ ਹੋਏ ਸਨ।
ਮੌਤ ਤੋਂ ਦੋਸਤ ਹੈਰਾਨ
ਦੋਸਤਾਂ ਅਤੇ ਜਾਣਕਾਰਾਂ ਨੇ ਕੌਲ ਨੂੰ ਮਿਲਣਸਾਰ, ਖੁਸ਼ਮਿਜ਼ਾਜ ਅਤੇ ਆਪਣੇ ਭਾਈਚਾਰੇ ਵਿੱਚ ਹਰਮਨਪਿਆਰਾ ਦੱਸਿਆ। ਕੌਲ ਦੇ ਇੱਕ ਦੋਸਤ ਦੀ ਮਾਂ ਰਜਨੀਕਾਂਤ ਪਿਪਾਲੀਆ ਨੇ ‘ਨਿਊਯਾਰਕ ਪੋਸਟ’ ਨੂੰ ਦੱਸਿਆ, “ਉਹ ਇੱਕੋ ਮਾਹੌਲ ਵਿੱਚ ਵੱਡੇ ਹੋਏ ਸਨ। ਉਹ ਸਾਰੇ ਇੱਕੋ ਦੋਸਤਾਨਾ ਘੇਰੇ ਦਾ ਹਿੱਸਾ ਹਨ, ਇੱਕੋ ਦੱਖਣੀ ਏਸ਼ੀਆਈ ਸਮੂਹ ਜੋ ਇਕੱਠੇ ਘੁੰਮਦਾ-ਫਿਰਦਾ ਹੈ ਅਤੇ ਤਿਉਹਾਰ ਮਨਾਉਂਦਾ ਹੈ।” ਪਿਪਾਲੀਆ ਨੇ ਕੌਲ ਬਾਰੇ ਕਿਹਾ, “ਉਸ ਦੀ ਜ਼ਿੰਦਗੀ ਵਿੱਚ ਅਜਿਹਾ ਕੁਝ ਨਹੀਂ ਸੀ ਜੋ ਉਸ ਨੂੰ ਕੋਈ ਬੇਵਕੂਫ਼ੀ ਵਾਲਾ ਕੰਮ ਕਰਨ ਲਈ ਮਜਬੂਰ ਕਰਦਾ।” ਪਿਪਾਲੀਆ ਨੇ ਦੱਸਿਆ ਕਿ ਕੌਲ ਨੇਪਾਲੀ ਮੂਲ ਦਾ ਸੀ ਅਤੇ ਉਸ ਦੇ ਮਾਤਾ-ਪਿਤਾ ਲਗਪਗ ਤਿੰਨ ਦਹਾਕੇ ਪਹਿਲਾਂ ਨੇਪਾਲ ਤੋਂ ਅਮਰੀਕਾ ਆਏ ਸਨ।
ਚਿਤ੍ਰੇ ਦੇ ਪਰਿਵਾਰਕ ਘਰ ਦੇ ਨੇੜੇ ਰਹਿੰਦੇ ਇੱਕ ਗੁਆਂਢੀ ਨੇ ਵੀ ਉਸ ਨੂੰ ਨਿੱਘੇ ਭਾਵ ਨਾਲ ਯਾਦ ਕਰਦਿਆਂ ਇੱਕ ਹੋਣਹਾਰ ਅਤੇ ਸਮਝਦਾਰ ਵਿਦਿਆਰਥੀ ਦੱਸਿਆ ਜੋ ਇਲਾਕੇ ਦੇ ਬੱਚਿਆਂ ਨਾਲ ਖੇਡਦੀ ਹੁੰਦੀ ਸੀ। ਗੁਆਂਢੀ ਨੇ ‘ਨਿਊਯਾਰਕ ਪੋਸਟ’ ਨੂੰ ਦੱਸਿਆ, “ਜਦੋਂ ਮੈਂ ਇਸ ਬਾਰੇ ਸੁਣਿਆ ਤਾਂ ਮੈਂ ਹੈਰਾਨ ਰਹਿ ਗਿਆ। ਇਹ ਬਹੁਤ ਅਜੀਬ ਹੈ। ਮੈਨੂੰ ਅਜੇ ਵੀ ਸਮਝ ਨਹੀਂ ਆ ਰਿਹਾ: ਉਹ ਪਟੜੀ ’ਤੇ ਕਿਉਂ ਸਨ?” ਐੱਨਵਾਈਪੀਡੀ ਨੇ ਕਿਹਾ ਕਿ ਇਹਨਾਂ ਮੌਤਾਂ ਦੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ।






