ਵੱਡੇ ਪੱਧਰ ’ਤੇ ਛਾਂਟੀ ਦੇ ਕਦਮ ਤਹਿਤ ਖੇਡ ਉਤਪਾਦ ਅਤੇ ਜੁੱਤੇ ਬਣਾਉਣ ਵਾਲੀ ਕੰਪਨੀ Adidas ਨੇ ਗੁਰੂਗ੍ਰਾਮ ਸਥਿਤ ਆਪਣੇ ‘ਇੰਡੀਆ ਟੈੱਕ ਹੱਬ’ ਵਿੱਚ ਲਗਪਗ 50 ਫ਼ੀਸਦੀ ਅਮਲੇ ਦੀ ਕਟੌਤੀ ਕਰ ਦਿੱਤੀ ਹੈ। ਇਸ ਫ਼ੈਸਲੇ ਨਾਲ ਸਾਫ਼ਟਵੇਅਰ ਇੰਜੀਨੀਅਰ, ਡਾਟਾ ਸਾਇੰਸਦਾਨ ਅਤੇ ਡਾਟਾ ਇੰਜੀਨੀਅਰ ਪ੍ਰਭਾਵਿਤ ਹੋਏ ਹਨ।
ਛਾਂਟੀ ਦੇ ਇਸ ਫ਼ੈਸਲੇ ਨਾਲ ਹੱਬ ਦੇ ਕੁਲ 700 ਮੁਲਾਜ਼ਮਾਂ ਵਿੱਚੋਂ ਲਗਪਗ 350 ਸਟਾਫ਼ ਮੈਂਬਰਾਂ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਕੰਪਨੀ ਨੇ ਮੰਗਲਵਾਰ, 15 ਸਤੰਬਰ ਨੂੰ ਇੱਕ ਟਾਊਨ ਹਾਲ ਮੀਟਿੰਗ ਦੌਰਾਨ ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਖ਼ੁਲਾਸਾ ਕੀਤਾ। ਐਡਿਡਾਸ ਨੇ ਇਸ ਨੂੰ ਇੱਕ “ਔਖਾ ਫ਼ੈਸਲਾ” ਕਰਾਰ ਦਿੱਤਾ ਹੈ, ਜਿਸ ਦਾ ਮਕਸਦ ਆਪਣੇ ਕੰਮਕਾਜ ਨੂੰ ਸੁਚਾਰੂ ਬਣਾਉਣਾ ਅਤੇ ਕਾਰੋਬਾਰ ਦੀਆਂ ਬਦਲਦੀਆਂ ਲੋੜਾਂ ਨਾਲ ਤਕਨਾਲੋਜੀ ਸੰਸਥਾ ਦਾ ਤਾਲਮੇਲ ਬਣਾਉਣਾ ਹੈ।
ਇੱਕ ਬਿਆਨ ਵਿੱਚ ਐਡਿਡਾਸ ਨੇ ਕਿਹਾ ਕਿ ਕਾਰੋਬਾਰ ਦੀਆਂ ਬਦਲਦੀਆਂ ਮੰਗਾਂ ਦੇ ਅਨੁਕੂਲ ਆਪਣੇ ਕੰਮਕਾਜੀ ਮਾਡਲ ਨੂੰ ਬਿਹਤਰ ਬਣਾਉਣ ਲਈ ਭਾਰਤ ਵਿੱਚ ਤਕਨਾਲੋਜੀ ਵਿਭਾਗ ਦੇ ਕੁਝ ਅਹੁਦਿਆਂ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਕੰਪਨੀ ਅਨੁਸਾਰ ਇਹ ਤਬਦੀਲੀਆਂ ਸੰਸਥਾ ਦੇ ਵੱਖ-ਵੱਖ ਪਹਿਲੂਆਂ ਨੂੰ ਸੁਚਾਰੂ ਬਣਾਉਣ, ਮਹੱਤਵਪੂਰਨ ਹੁਨਰਾਂ ਨੂੰ ਵਧਾਉਣ ਅਤੇ ਬਦਲਦੇ ਕਾਰੋਬਾਰੀ ਤੇ ਤਕਨੀਕੀ ਮਾਹੌਲ ਵਿੱਚ ਲਗਾਤਾਰ ਸਫ਼ਲਤਾ ਲਈ ਐਡਿਡਾਸ ਨੂੰ ਤਿਆਰ ਕਰਨ ਲਈ ਕੀਤੀਆਂ ਗਈਆਂ ਹਨ।
ਕੰਪਨੀ ਨੇ ਆਪਣੇ ਮੁਲਾਜ਼ਮਾਂ ਵੱਲੋਂ ਕੀਤੇ ਯਤਨਾਂ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਭਾਵਿਤ ਸਟਾਫ਼ ਦੀ ਹਮਦਰਦੀ, ਸਤਿਕਾਰ ਅਤੇ ਢੁਕਵੇਂ ਸਹਿਯੋਗ ਨਾਲ ਮਦਦ ਕੀਤੀ ਜਾਵੇਗੀ। ਸਾਲ 2021 ਵਿੱਚ ਸਥਾਪਿਤ ਇਹ ਇੰਡੀਆ ਟੈੱਕ ਹੱਬ ਐਡਿਡਾਸ ਦੇ ਉਤਪਾਦਾਂ ਲਈ ਬਿਹਤਰ ਟੈੱਕ ਅਤੇ ਇੰਜੀਨੀਅਰਿੰਗ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਲਈ ਬਣਾਇਆ ਗਿਆ ਸੀ। ਪੰਜ ਸਾਲਾਂ ਦੇ ਅਰਸੇ ਵਿੱਚ ਹੱਬ ਦੇ 300 ਤੋਂ 350 ਮੁਲਾਜ਼ਮਾਂ ਨੂੰ ਕੱਢਿਆ ਜਾਵੇਗਾ।
ਮੁਲਾਜ਼ਮਾਂ ਦੇ ਇੱਕ ਗਰੁੱਪ ਨੂੰ 15 ਸਤੰਬਰ ਨੂੰ ਟਾਊਨ ਹਾਲ ਮੀਟਿੰਗ ਵਾਲੇ ਦਿਨ ਹੀ ਨੌਕਰੀ ਤੋਂ ਛੁੱਟੀ ਦੇ ਪੱਤਰ ਸੌਂਪ ਦਿੱਤੇ ਗਏ, ਜਦਕਿ ਦੂਜਾ ਗਰੁੱਪ 15 ਦਸੰਬਰ ਤੱਕ ਕੰਮ ਕਰੇਗਾ ਤਾਂ ਜੋ ਆਪਣੀਆਂ ਜ਼ਿੰਮੇਵਾਰੀਆਂ ਦੂਜੇ ਸਾਥੀਆਂ ਨੂੰ ਸੌਂਪੀਆਂ ਜਾ ਸਕਣ। ਐਡਿਡਾਸ ਵੱਲੋਂ ਇਹ ਛਾਂਟੀ ਟੈੱਕ ਉਦਯੋਗ ਵਿੱਚ ਚੱਲ ਰਹੇ ਛਾਂਟੀ ਦੇ ਦੌਰ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਓਰੇਕਲ (Oracle) ਵੱਲੋਂ ਵੀ ਨਵੇਂ ਸਿਰੇ ਤੋਂ ਨੌਕਰੀਆਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ।






