ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਜਥੇਬੰਦੀ ਵੱਲੋਂ ਨਿਯੁਕਤ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਨੂੰ ਮੰਨਣ ਦੇ ਢੁੱਕਵੇਂ ਆਧਾਰ ਮਿਲੇ ਹਨ ਕਿ ਅਮਰੀਕਾ ਨੇ ਇਰਾਨ ’ਚ ਦੋ ਹਮਲਿਆਂ ਦੌਰਾਨ ਜੰਗੀ ਅਪਰਾਧ ਕੀਤੇ ਹਨ। ਇਨ੍ਹਾਂ ਹਮਲਿਆਂ ’ਚ ਦੱਖਣੀ ਸ਼ਹਿਰ ਮਿਨਾਬ ਦੇ ਸਕੂਲ ’ਤੇ ਕੀਤਾ ਗਿਆ ਹਮਲਾ ਵੀ ਸ਼ਾਮਲ ਹੈ।
ਇਰਾਨ ਬਾਰੇ ਬਣੇ ਕੌਮਾਂਤਰੀ ਤੱਥ ਖੋਜ ਮਿਸ਼ਨ ਨੇ ਕਿਹਾ ਕਿ ਇਹ ਸਿੱਟੇ ਦੋ ਹਵਾਈ ਹਮਲਿਆਂ ’ਤੇ ਕੇਂਦਰਤ ਹਨ ਜਿਨ੍ਹਾਂ ’ਚ ਔਰਤਾਂ ਅਤੇ ਬੱਚਿਆਂ ਸਮੇਤ 178 ਵਿਅਕਤੀਆਂ ਦੀ ਮੌਤ ਹੋਈ ਸੀ। ਮਿਸ਼ਨ ਨੇ ਕਿਹਾ ਕਿ ਆਮ ਨਾਗਰਿਕ ਆਪਣੀ ਹੀ ਸਰਕਾਰ ਵੱਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਗੰਭੀਰ ਉਲੰਘਣ ਅਤੇ ਮਾਨਵਤਾ ਖ਼ਿਲਾਫ਼ ਅਪਰਾਧਾਂ ਤੇ ਅਮਰੀਕਾ ਅਤੇ ਇਜ਼ਰਾਈਲ ਨਾਲ ਜੰਗ ਵਿਚਾਲੇ ਫਸ ਗਏ।
ਫਰਵਰੀ ’ਚ ਜੰਗ ਸ਼ੁਰੂ ਹੋਣ ਸਮੇਂ ਅਮਰੀਕਾ ਦੀ ਮਿਜ਼ਾਈਲ ਮਿਨਾਬ ਸਥਿਤ ਸ਼ਜਰੇਹ ਤੱਯਬੇ ’ਤੇ ਡਿੱਗੀ ਸੀ। ਇਰਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਸੀ ਕਿ ਹਮਲੇ ’ਚ 168 ਜਾਨਾਂ ਗਈਆਂ, ਜਿਨ੍ਹਾਂ ’ਚ ਜ਼ਿਆਦਾਤਰ ਬੱਚੇ ਸਨ। ਟਰੰਪ ਪ੍ਰਸ਼ਾਸਨ ਨੇ ਹਾਲੇ ਤੱਕ ਸਿੱਧੇ ਤੌਰ ’ਤੇ ਹਮਲੇ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ ਅਤੇ ਨਾ ਹੀ ਸਕੂਲ ’ਤੇ ਹੋਏ ਹਮਲੇ ਦੀ ਜਾਂਚ ਦੇ ਸਿੱਟੇ ਜਾਰੀ ਕੀਤੇ ਹਨ। ਸੰਯੁਕਤ ਰਾਸ਼ਟਰ ਸਮਰਥਿਤ ਟੀਮ ਨੇ ਦੋ ਹਮਲਿਆਂ ਨੂੰ ਲੈ ਕੇ ਜੰਗੀ ਅਪਰਾਧਾਂ ਦੇ ਦੋਸ਼ਾਂ ਦਾ ਜ਼ਿਕਰ ਕੀਤਾ। ਇਨ੍ਹਾਂ ’ਚੋਂ ਇੱਕ ਹਮਲਾ ਸਕੂਲ ’ਤੇ ਟੌਮਹੌਕ ਮਿਜ਼ਾਈਲਾਂ ਨਾਲ ਕੀਤਾ ਗਿਆ ਸੀ; ਦੂਜਾ ਹਮਲਾ 28 ਫਰਵਰੀ ਨੂੰ ਹੀ ਦੱਖਣੀ ਸ਼ਹਿਰ ਲਾਮੇਰਦ ’ਚ ਕੀਤਾ ਗਿਆ ਸੀ। ਇਸ ਹਮਲੇ ’ਚ 22 ਵਿਅਕਤੀਆਂ ਦੀ ਮੌਤ ਹੋਈ ਸੀ।






