ਵਿਗਿਆਨੀਆਂ ਨੇ ਕਿਹਾ ਹੈ ਕਿ ਅਗਸਤ ਦੇ ਅਖ਼ੀਰ ’ਚ ਨੇਪਾਲ ਅਤੇ ਤਿੱਬਤ ਦੇ ਕੁਝ ਹਿੱਸਿਆਂ ’ਚ ਆਏ ਹੜ੍ਹ ਦੀ ਵਜ੍ਹਾ ਬਣੇ ਗਲੇਸ਼ੀਅਰ ਦੇ ਲਗਾਤਾਰ ਟੁੱਟਣ ’ਚ ਵਾਤਾਵਰਨ ਤਬਦੀਲੀ ਦੀ ਅਹਿਮ ਭੂਮਿਕਾ ਹੋਣ ਦੀ ਸੰਭਾਵਨਾ ਹੈ। ਵਰਲਡ ਵੈਦਰ ਐਟ੍ਰੀਬਿਊਸ਼ਨ (ਡਬਲਿਊ ਡਬਲਿਊ ਏ) ਦੇ ਖੋਜਾਰਥੀਆਂ ਅਨੁਸਾਰ ਇਸ ਖ਼ਿੱਤੇ ’ਚ ਤੇਜ਼ੀ ਨਾਲ ਵਧਦੇ ਤਾਪਮਾਨ ਕਾਰਨ ਗਲੇਸ਼ੀਅਰ ਪਤਲੇ ਹੋ ਗਏ ਹਨ ਅਤੇ ਹਿਮਾਲਿਆ ਦੀਆਂ ਚੱਟਾਨਾਂ ਦੀ ਡੂੰਘਾਈ ਤੱਕ ਜਮੀ ਬਰਫ਼ ਅਤੇ ਜਮੀ ਹੋਈ ਧਰਤੀ/ਮਿੱਟੀ ਪਿਘਲ ਗਈ ਹੈ।
ਪਿਛਲੇ ਮਹੀਨੇ ਲੈਂਗਤਾਂਗ ਲਿਰੁੰਗ ਪਹਾੜ ’ਤੇ ਤਕਰੀਬਨ ਦੋ ਵਰਗ ਕਿਲੋਮੀਟਰ ਦੀ ਚੱਟਾਨੀ ਕੰਧ ਅਤੇ ਗਲੇਸ਼ੀਅਰ ਦੀ ਬਰਫ਼ ਟੁੱਟਣ ’ਚ ਹਾਲਾਂਕਿ ਵਾਤਾਵਰਨ ਤਬਦੀਲੀ ਦੀ ਸਹੀ ਤੇ ਸਪੱਸ਼ਟ ਭੂਮਿਕਾ ਦਾ ਪਤਾ ਲਾਉਣਾ ਮੁਸ਼ਕਲ ਹੈ ਪਰ ਖੋਜਾਰਥੀਆਂ ਦਾ ਕਹਿਣਾ ਹੈ ਕਿ ਵਧਦੇ ਤਾਪਮਾਨ ਨੇ ਅਜਿਹੇ ਹਾਲਾਤ ਪੈਦਾ ਕੀਤੇ ਜਿਨ੍ਹਾਂ ਕਾਰਨ ਇਸ ਦੇ ਹੋਣ ਦੀ ਸੰਭਾਵਨਾ ਵਧ ਗਈ ਹੈ। ਇੰਪੀਰੀਅਲ ਕਾਲਜ ਲੰਡਨ ਦੀ ਵਾਤਾਵਰਨ ਮਾਹਿਰ ਫਰੈਡਰਿਕ ਓਟੋ ਨੇ ਕਿਹਾ, ‘‘ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਮਨੁੱਖਾਂ ਕਾਰਨ ਹੋ ਰਹੀ ਵਾਤਾਵਰਨ ਤਬਦੀਲੀ ਨੇ ਇਸ ਆਫ਼ਤ ਦੇ ਹਾਲਾਤ ਬਣਾਉਣ ’ਚ ਭੂਮਿਕਾ ਨਿਭਾਈ ਹੈ ਜਿਵੇਂ ਜਮੀ ਹੋਈ ਜ਼ਮੀਨ ਦਾ ਪਿਘਲਣਾ, ਗਲੇਸ਼ੀਅਰਾਂ ਦੇ ਪਤਲੇ ਪੈਣਾ ਜਾਂ ਕਮਜ਼ੋਰ ਹੋਣਾ ਅਤੇ ਬਰਫ਼ ਦੀ ਥਾਂ ਵੱਧ ਮੀਂਹ ਪੈਣਾ।’’
ਡਬਲਿਊ ਡਬਲਿਊ ਏ ਦੀ ਵੈੱਬਸਾਈਟ ਅਨੁਸਾਰ ਉਹ ਅਤਿ ਦੀਆਂ ਮੌਸਮੀ ਘਟਨਾਵਾਂ ’ਚ ਆਲਮੀ ਤਪਸ਼ ਦੀ ਭੂਮਿਕਾ ਦਾ ਮੁਲਾਂਕਣ ਕਰਨ ਲਈ ਸਾਥੀ ਖੋਜਾਰਥੀਆਂ ਵੱਲੋਂ ਵਰਤੇ ਢੰਗਾਂ ਦੀ ਵਰਤੋਂ ਕਰਦੇ ਹਨ। ਅਧਿਐਨ ਅਨੁਸਾਰ ਅਗਸਤ ’ਚ ਹਿਮਲਿਆਈ ਖ਼ਿੱਤੇ ’ਚ ਔਸਤ ਤਾਪਮਾਨ ਆਮ ਨਾਲੋਂ ਤਕਰੀਬਨ 5 ਡਿਗਰੀ ਸੈਲਸੀਅਸ ਵੱਧ ਸੀ ਜਿਸ ’ਚੋਂ 1.5 ਡਿਗਰੀ ਸੈਲਸੀਅਸ ਦਾ ਵਾਧਾ ਵਾਤਾਵਰਨ ਤਬਦੀਲੀ ਕਾਰਨ ਹੋਇਆ ਸੀ।




