Bandi Singhs Protest: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਅੱਜ ਕਿਹਾ ਕਿ ਕੌਮੀ ਇਨਸਾਫ਼ ਮੋਰਚਾ ਅਤੇ ਸਿੱਖ ਕੌਮ ਦੇ ਆਗੂਆਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਜੇਲ੍ਹ ਭਰੋ ਅੰਦੋਲਨ’ ਸ਼ੁਰੂ ਕਰਕੇ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨਾ ਚਾਹੀਦਾ ਹੈ।
ਕੌਮੀ ਇਨਸਾਫ਼ ਮੋਰਚੇ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਅਤੇ ਸਮਰਥਕ 11 ਸਤੰਬਰ ਤੋਂ ਕੁਰੂਕਸ਼ੇਤਰ ਦੇ ਮੀਰੀ ਪੀਰੀ ਚੌਂਕ ਵਿਖੇ ਰੋਜ਼ਾਨਾ ਇੱਕ ਘੰਟੇ ਦਾ ਪ੍ਰਤੀਕਾਤਮਕ ਧਰਨਾ ਦੇ ਰਹੇ ਹਨ।
ਕਮੇਟੀ ਨੇ 30 ਸਤੰਬਰ ਤੱਕ ਰੋਜ਼ਾਨਾ ਧਰਨਾ ਜਾਰੀ ਰੱਖਣ, 1 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਨੂੰ ਮੰਗ ਪੱਤਰ ਸੌਂਪਣ ਅਤੇ ‘ਬੰਦੀ ਸਿੰਘਾਂ’ ਦੀ ਰਿਹਾਈ ਦੀ ਮੰਗ ਕਰਨ ਦਾ ਫ਼ੈਸਲਾ ਕੀਤਾ ਹੈ। ਕਮੇਟੀ ਮੈਂਬਰ ਅਤੇ ਸਮਰਥਕ 2 ਅਕਤੂਬਰ ਨੂੰ ਪੰਜਾਬ ਵਿੱਚ ਮੋਰਚੇ ਵੱਲੋਂ ਦਿੱਤੇ ਗਏ ਮਾਰਚ ਦੇ ਸੱਦੇ ਵਿੱਚ ਵੀ ਸ਼ਾਮਲ ਹੋਣਗੇ।
ਐੱਚ ਐੱਸ ਜੀ ਐੱਮ ਸੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ, “ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਕੌਮ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਜਾਇਜ਼ ਮੰਗ ਹੈ, ਪਰ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ‘ਬੰਦੀ ਸਿੰਘ’ 30 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਅਸੀਂ ਮੋਰਚੇ ਦੇ ਸੰਘਰਸ਼ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ ਅਤੇ ਅਸੀਂ ਸਰਕਾਰ ਨੂੰ ‘ਬੰਦੀ ਸਿੰਘਾਂ’ ਨੂੰ ਰਿਹਾਅ ਕਰਨ ਦੀ ਬੇਨਤੀ ਕਰਦੇ ਹਾਂ। ਸਿਰਫ਼ ਧਰਨੇ ਅਤੇ ਮਾਰਚ ਨਾਲ ਕੇਂਦਰ ਸਰਕਾਰ ‘ਤੇ ਬਹੁਤਾ ਦਬਾਅ ਨਹੀਂ ਬਣੇਗਾ, ਇਸ ਲਈ ਮੈਂ ਮੋਰਚੇ ਦੇ ਆਗੂਆਂ ਨੂੰ ਦਬਾਅ ਬਣਾਉਣ ਅਤੇ ਸਿੱਖ ਕੈਦੀਆਂ ਦੀ ਰਿਹਾਈ ਯਕੀਨੀ ਬਣਾਉਣ ਲਈ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ।”
ਉਨ੍ਹਾਂ ਕਿਹਾ, “ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਸਿੱਖ ਕੈਦੀਆਂ ਨੂੰ ਲਗਾਤਾਰ ਹਿਰਾਸਤ ਵਿੱਚ ਰੱਖਣਾ ਮੰਦਭਾਗਾ ਹੈ। ਇੱਕ ਪਾਸੇ ਸਿੱਖ ਕੌਮ ਅਤੇ ਕੌਮੀ ਇਨਸਾਫ਼ ਮੋਰਚਾ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਗੁਰਮੀਤ ਰਾਮ ਰਹੀਮ ਸਿੰਘ ਵਰਗੇ ਲੋਕਾਂ ਨੂੰ ਸਿਆਸੀ ਲਾਭਾਂ ਲਈ ਵਾਰ-ਵਾਰ ਫਰਲੋ ਮਿਲਦੀ ਹੈ। ਮੋਰਚੇ ਨੂੰ ਜੇਲ੍ਹ ਭਰੋ ਅੰਦੋਲਨ ਦਾ ਸੱਦਾ ਦੇਣਾ ਚਾਹੀਦਾ ਹੈ ਅਤੇ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿਆਸੀ ਪਾਰਟੀਆਂ ਦੇ ਮੈਂਬਰਾਂ ਅਤੇ ਆਗੂਆਂ ਨੂੰ ਗ੍ਰਿਫ਼ਤਾਰੀਆਂ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਅੰਦੋਲਨ ਪੰਜਾਬ ਵਿੱਚ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਚੋਣਾਂ ਤੋਂ ਪਹਿਲਾਂ ‘ਬੰਦੀ ਸਿੰਘਾਂ’ ਦੀ ਰਿਹਾਈ ਯਕੀਨੀ ਬਣਾਈ ਜਾ ਸਕੇ।”
ਉੱਥੇ ਹੀ ਹਰਿਆਣਾ ਕਮੇਟੀ ਮੈਂਬਰ ਅਤੇ ਪੰਥਕ ਅਕਾਲ ਮੋਰਚਾ ਦੇ ਆਗੂ ਹਰਮਨਪ੍ਰੀਤ ਸਿੰਘ ਨੇ ਕਿਹਾ, “ਮੋਰਚੇ ਨਾਲ ਇਕਜੁੱਟਤਾ ਪ੍ਰਗਟ ਕਰਦੇ ਹੋਏ, ਅਸੀਂ ਕੁਰੂਕਸ਼ੇਤਰ ਵਿੱਚ ਰੋਜ਼ਾਨਾ ਇੱਕ ਘੰਟੇ ਦਾ ਪ੍ਰਤੀਕਾਤਮਕ ਧਰਨਾ ਦੇ ਰਹੇ ਹਾਂ। ਅਸੀਂ 1 ਅਕਤੂਬਰ ਨੂੰ ਡੀ ਸੀ ਕੁਰੂਕਸ਼ੇਤਰ ਨੂੰ ਮੰਗ ਪੱਤਰ ਸੌਂਪਾਂਗੇ ਅਤੇ 2 ਅਕਤੂਬਰ ਨੂੰ ਪੰਜਾਬ ਵਿੱਚ ਹੋਣ ਵਾਲੇ ਮਾਰਚ ਵਿੱਚ ਹਿੱਸਾ ਲਵਾਂਗੇ। ਅਸੀਂ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਕੌਮ ਵੱਲੋਂ ਉਠਾਈਆਂ ਜਾ ਰਹੀਆਂ ਜਾਇਜ਼ ਮੰਗਾਂ ‘ਤੇ ਵਿਚਾਰ ਕੀਤਾ ਜਾਵੇ।”






