ਮਾਨਸਾ ਅਦਾਲਤੀ ਕੰਪਲੈਕਸ ਅਤੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦਰਅਸਲ ਹੱਥ ਨਾਲ ਲਿਖੀ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅੱਜ ਜ਼ਿਲ੍ਹੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਸੂਤਰਾਂ ਨੇ ਦੱਸਿਆ ਕਿ ਖੀਵਾ ਕਲਾਂ, ਹੀਰੋ ਕਲਾਂ, ਆਤਲਾ ਕਲਾਂ ਪਿੰਡਾਂ ਦੇ ਸਕੂਲਾਂ, ਮਾਨਸਾ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀ ਚਿੱਠੀ ਮਿਲੀ ਹੈ।
ਚਿੱਠੀ ਵਿੱਚ ਚਿਤਾਵਨੀ ਦਿੱਤੀ ਗਈ ਸੀ ਕਿ ਇਹ ਹਮਲੇ 21 ਅਤੇ 22 ਸਤੰਬਰ ਨੂੰ ਕੀਤੇ ਜਾਣਗੇ। ਇਸ ਤੋਂ ਬਾਅਦ ਸੁਰੱਖਿਆ ਵਜੋਂ ਚਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ। ਅਦਾਲਤੀ ਕੰਪਲੈਕਸ ’ਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।
ਮਾਨਸਾ ਦੇ ਐੱਸ.ਐੱਸ.ਪੀ. ਵੈਭਵ ਚੌਧਰੀ ਨੇ ਦੱਸਿਆ, “ਇਹ ਚਿੱਠੀ ਭੀਖੀ ਇਲਾਕੇ ’ਚੋਂ ਮਿਲੀ ਹੈ। ਅਸੀਂ ਚਾਰੇ ਥਾਵਾਂ ’ਤੇ ਬੰਬ ਨਕਾਰਾ ਦਸਤਾ ਭੇਜ ਕੇ ਤਲਾਸ਼ੀ ਅਭਿਆਨ ਚਲਾਇਆ। ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਮੰਗਲਵਾਰ ਨੂੰ ਵੀ ਇਹਨਾਂ ਸਾਰੀਆਂ ਥਾਵਾਂ ’ਤੇ ਅਜਿਹਾ ਹੀ ਤਲਾਸ਼ੀ ਅਭਿਆਨ ਚਲਾਇਆ ਜਾਵੇਗਾ।”
ਐੱਸ.ਐੱਸ.ਪੀ. ਨੇ ਅੱਗੇ ਦੱਸਿਆ ਕਿ ਧਮਕੀ ਪੱਤਰ ਨੂੰ ਹੱਥ-ਲਿਖਤ ਮਾਹਰਾਂ (ਹੈਂਡਰਾਈਟਿੰਗ ਐਕਸਪਰਟਸ) ਕੋਲ ਭੇਜਿਆ ਜਾ ਰਿਹਾ ਹੈ।






