ਖੇਤੀਬਾੜੀ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਵੇਅਰਹਾਊਸ ਸਬਸਿਡੀ ਦੀ ਅਦਾਇਗੀ ਜਾਰੀ ਕਰਨ ਲਈ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦੇ ਦੌਰੇ ਦੌਰਾਨ ਇਹ ਸ਼ਿਕਾਇਤ ਮਿਲੀ ਸੀ।
ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ, “ਖੇਤੀਬਾੜੀ ਮੰਤਰਾਲੇ ਦੇ ਮਾਰਕੀਟਿੰਗ ਅਧਿਕਾਰੀ ਅਨੁਰਾਗ ਵਿਰੁੱਧ ਇਹ ਕਾਰਵਾਈ ਸ਼ਿਵਰਾਜ ਸਿੰਘ ਚੌਹਾਨ ਦੇ ਸੀਹੋਰ ’ਚ ਨਿਰੀਖਣ ਦੌਰੇ ਦੌਰਾਨ ਸ਼ਿਕਾਇਤ ਪਹੁੰਚਣ ਤੋਂ ਬਾਅਦ ਕੀਤੀ ਗਈ ਹੈ।”
ਸ਼ਿਕਾਇਤ ਅਨੁਸਾਰ, ਅਧਿਕਾਰੀ ਨੇ ਸਬਸਿਡੀ ਨਾਲ ਸਬੰਧਿਤ ਅਦਾਇਗੀਆਂ ਦੀ ਪ੍ਰਕਿਰਿਆ ਦੇ ਬਦਲੇ ਵੇਅਰਹਾਊਸ ਸੰਚਾਲਕਾਂ ਤੋਂ ਕਥਿਤ ਤੌਰ ’ਤੇ ਪੈਸਿਆਂ ਦੀ ਮੰਗ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਮੰਤਰਾਲੇ ਨੇ ਉਸ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸੀਹੋਰ ਜ਼ਿਲ੍ਹੇ ਦੇ ਦੋ ਵੇਅਰਹਾਊਸ ਸੰਚਾਲਕਾਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ, “ਜ਼ਿਲ੍ਹੇ ਦੇ ‘ਸ਼ਿਵਾਏ ਵੇਅਰਹਾਊਸ’ ਤੋਂ ਕਥਿਤ ਤੌਰ ’ਤੇ 1 ਲੱਖ ਰੁਪਏ ਅਤੇ ‘ਸ਼੍ਰੀ ਕ੍ਰਿਸ਼ਨਾ ਵੇਅਰਹਾਊਸ’ ਤੋਂ 60,000 ਰੁਪਏ ਮੰਗੇ ਗਏ ਸਨ।” ਇਸ ਘਟਨਾ ਦੀ ਅੱਗੇ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਮੰਤਰਾਲੇ ਨੇ ਕਿਹਾ ਕਿ ਮੁਅੱਤਲ ਅਧਿਕਾਰੀ ਵਿਰੁੱਧ ਲਾਗੂ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਜਾਰੀ ਰਹੇਗੀ। ਜਾਂਚ ਅਤੇ ਕਿਸੇ ਵੀ ਹੋਰ ਕਾਰਵਾਈ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਭਾਗੀਰਥ ਚੌਧਰੀ ’ਤੇ ਆਪਣੇ ਹੀ ਮੰਤਰਾਲੇ ਤੋਂ ਲਗਪਗ 1 ਕਰੋੜ ਰੁਪਏ ਦੀ ਸਬਸਿਡੀ ਲੈਣ ਦੇ ਦੋਸ਼ ਲੱਗੇ ਸਨ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ “ਕੁਝ ਵੀ ਨਹੀਂ ਲੁਕਾਇਆ” ਸੀ ਅਤੇ ਮੰਤਰੀ ਬਣਨ ਤੋਂ ਕਈ ਸਾਲ ਪਹਿਲਾਂ ਸਬਸਿਡੀ ਲਈ ਅਰਜ਼ੀ ਦਿੱਤੀ ਸੀ।






