ਵਿੰਨੀਪੈਗ ਦੇ ਸੇਵਨ ਓਕਸ ਪਰਫਾਰਮਿੰਗ ਆਰਟਸ ਸੈਂਟਰ ਵਿੱਚ ਕਰਵਾਇਆ ਗਿਆ ‘ਮੈਨੀਟੋਬਾ ਫੋਕ ਐਂਡ ਫਿਊਜ਼ਨ ਮਲਟੀ ਕਲਚਰਲ ਫੈਸਟ 2026’ ਵੱਖ-ਵੱਖ ਦੇਸ਼ਾਂ ਦੀਆਂ ਲੋਕ ਕਲਾਵਾਂ, ਨਾਚਾਂ ਅਤੇ ਸਭਿਆਚਾਰਕ ਪਰੰਪਰਾਵਾਂ ਦਾ ਰੰਗਾ-ਰੰਗ ਸੰਗਮ ਬਣਿਆ। ਸਮਾਗਮ ਵਿੱਚ ਨੌਂ ਦੇਸ਼ਾਂ ਦੀਆਂ 18 ਟੀਮਾਂ ਦੇ ਕਰੀਬ 160 ਕਲਾਕਾਰਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮੈਨੀਟੋਬਾ ਕੈਂਸਰ ਕੇਅਰ ਸੈਂਟਰ ਲਈ 2,000 ਡਾਲਰ ਦੀ ਰਾਸ਼ੀ ਦਾਨ ਕੀਤੀ ਗਈ।
ਯੁਵਰਾਜ ਕੰਗ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਇਆ ਗਿਆ ਇਹ ਸਮਾਗਮ ਵੱਖ-ਵੱਖ ਸੱਭਿਆਚਾਰਾਂ ਨੂੰ ਇੱਕੋ ਮੰਚ ’ਤੇ ਲਿਆਉਣ ਦੇ ਮਕਸਦ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਓ ਕੈਨੇਡਾ’ ਅਤੇ ਲੈਂਡ ਐਕਨਾਲੇਜਮੈਂਟ ਨਾਲ ਹੋਈ। ਇਸ ਮਗਰੋਂ ਈਵੈਂਟ ਕੋਆਰਡੀਨੇਟਰ ਯੁਵਰਾਜ ਕੰਗ ਨੇ ਸਵਾਗਤੀ ਭਾਸ਼ਣ ਰਾਹੀਂ ਕਲਾਕਾਰਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ।
ਸਭਿਆਚਾਰਕ ਪੇਸ਼ਕਾਰੀਆਂ ਦੀ ਸ਼ੁਰੂਆਤ ਟੀਮ ਕੇਰਲਾ ਜੂਨੀਅਰ ਨੇ ਕੀਤੀ। ਕਲਾਕਾਰਾਂ ਨੇ ਕੇਰਲਾ ਦੀ ਰਵਾਇਤੀ ਨਾਚ-ਸ਼ੈਲੀ ਦੀ ਜੀਵੰਤ ਝਲਕ ਪੇਸ਼ ਕੀਤੀ। ਇਸ ਤੋਂ ਬਾਅਦ ਚੀਨ ਦੀ ਤਾਈ ਚੀ ਟੀਮ ਨੇ ਸੁਚੱਜੀਆਂ ਅਤੇ ਸੰਤੁਲਿਤ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।
ਟੀਮ ਫਿਲੀਪਾਈਨਜ਼ ਅਤੇ ਟੀਮ ਵੀਅਤਨਾਮ ਨੇ ਵੀ ਆਪਣੇ ਰਵਾਇਤੀ ਨਾਚਾਂ ਰਾਹੀਂ ਆਪੋ-ਆਪਣੇ ਸੱਭਿਆਚਾਰ ਦੀ ਪਛਾਣ ਪੇਸ਼ ਕੀਤੀ। ਦੂਜੇ ਹਿੱਸੇ ਵਿੱਚ ਚੀਨ ਦੇ ਚੀਅਰਫੁੱਲ ਡਾਂਸ ਗਰੁੱਪ ਅਤੇ ਫਰੈਂਡਲੀ ਡਾਂਸ ਗਰੁੱਪ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਤੋਂ ਖ਼ੂਬ ਤਾੜੀਆਂ ਹਾਸਲ ਕੀਤੀਆਂ।
ਸਮਾਗਮ ਵਿੱਚ ਪੰਜਾਬੀ ਸੱਭਿਆਚਾਰ ਦੀ ਵੀ ਮਜ਼ਬੂਤ ਹਾਜ਼ਰੀ ਰਹੀ। ਪੰਜਾਬ AVA ਦੀ ਪੇਸ਼ਕਾਰੀ ਨੇ ਮਾਹੌਲ ਵਿੱਚ ਪੰਜਾਬੀ ਰੰਗ ਭਰਿਆ। ਇਸ ਤੋਂ ਬਾਅਦ ਟੀਮ ਤ੍ਰਿੰਜਣ ਨੇ ਗਿੱਧਾ ਪੇਸ਼ ਕਰਕੇ ਪੰਜਾਬ ਦੀ ਲੋਕ-ਨਾਚ ਪਰੰਪਰਾ ਨੂੰ ਮੰਚ ’ਤੇ ਸਾਕਾਰ ਕੀਤਾ।
ਗਿੱਧੇ ਦੀ ਪੇਸ਼ਕਾਰੀ ਦੌਰਾਨ ਕਲਾਕਾਰਾਂ ਦੀ ਊਰਜਾ ਅਤੇ ਤਾਲਮੇਲ ਖ਼ਾਸ ਤੌਰ ’ਤੇ ਨਜ਼ਰ ਆਇਆ। ਰੌਣਕ ਪੰਜਾਬ ਦੀ ਅਤੇ ਪੰਜਾਬ ਬੁੱਲ੍ਹਾ ਦੀਆਂ ਪੇਸ਼ਕਾਰੀਆਂ ਨੇ ਵੀ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ।
ਯੂਰਪ ਦੀ ਨੁਮਾਇੰਦਗੀ ਕਰਦਿਆਂ ਟੀਮ ਸਰਬੀਆ ਅਤੇ ਟੀਮ ਪੋਲੈਂਡ ਨੇ ਆਪਣੇ ਲੋਕ ਨਾਚ ਪੇਸ਼ ਕੀਤੇ। ਲਾਤੀਨੀ ਅਮਰੀਕਾ ਤੋਂ ਪੇਰੂ ਦੀ ਟੀਮ ‘Los Cañeros de San Jacinto’ ਨੇ ਰੰਗੀਨ ਪਹਿਰਾਵਿਆਂ ਅਤੇ ਜੋਸ਼ੀਲੇ ਨਾਚਾਂ ਨਾਲ ਮਾਹੌਲ ਨੂੰ ਜੀਵੰਤ ਕੀਤਾ।
ਪੇਰੂ ਦਾ ‘ਵਿਤੀਤੀ’ ਨਾਚ ਦਰਸ਼ਕਾਂ ਦੀ ਖ਼ਾਸ ਪਸੰਦ ਬਣਿਆ। ਟੀਮ ਇਰਾਨ ਅਤੇ ਕੇਰਲਾ ਸੀਨੀਅਰ ਨੇ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਸਮਾਗਮ ਦੀ ਰੌਣਕ ਵਧਾਈ।
ਪ੍ਰਭ ਨੂਰ ਸਿੰਘ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ, ਜਦਕਿ ਗੁਰਸ਼ਰਨ ਸਿੰਘ ਨੇ ਪ੍ਰੋਗਰਾਮ ਦੇ ਪ੍ਰਬੰਧ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਐੱਮ.ਐੱਲ.ਏ. ਜੇ.ਡੀ. ਦੇਵਗਨ ਅਤੇ ਐੱਮ.ਐੱਲ.ਏ. ਦਿਲਜੀਤ ਪਾਲ ਬਰਾੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਭਾਈਚਾਰੇ ਦੇ ਲੋਕਾਂ ਨੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਪ੍ਰਬੰਧਕਾਂ ਨੇ ਸਾਰੇ ਸਪਾਂਸਰਾਂ ਦਾ ਧੰਨਵਾਦ ਕੀਤਾ ਅਤੇ ਖ਼ਾਸ ਤੌਰ ’ਤੇ ਪ੍ਰਾਈਮ ਸਪਾਂਸਰ ਦਾਅਵਤ ਰੈਸਟੋਰੈਂਟ ਦਾ ਧੰਨਵਾਦ ਕੀਤਾ। ਸਮਾਗਮ ਨੇ ਸਭਿਆਚਾਰਕ ਵੰਨ-ਸੁਵੰਨਤਾ, ਭਾਈਚਾਰਕ ਸਾਂਝ ਅਤੇ ਆਪਸੀ ਸਤਿਕਾਰ ਦਾ ਸੁਨੇਹਾ ਦਿੱਤਾ।






