ਕੈਨੇਡਾ ਦੀ ਪੀਲ ਰੀਜਨਲ ਪੁਲੀਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਸਰਗਰਮ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਨੂੰ ਦਾ ਪਰਦਾਫਾਸ਼ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਚੱਲ ਰਹੀ ਗੁਪਤ (ਅੰਡਰਕਵਰ) ਜਾਂਚ ਤੋਂ ਬਾਅਦ ਪੁਲੀਸ ਨੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲੀਸ ਨੇ 23 ਗੈਰ-ਕਾਨੂੰਨੀ ਹਥਿਆਰ, ਲਗਭਗ 825 ਗ੍ਰਾਮ ਕੋਕੀਨ ਅਤੇ 950 ਤੋਂ ਵੱਧ ਜਿਊਂਦੇ ਕਾਰਤੂਸ ਬਰਾਮਦ ਕੀਤੇ ਹਨ।
‘ਪ੍ਰੋਜੈਕਟ ਰੈੱਡ ਜ਼ੋਨ’ (Project Red Zone) ਨਾਂ ਦੇ ਇਸ ਵਿਸ਼ੇਸ਼ ਅਪਰੇਸ਼ਨ ਨੂੰ ਪੀਲ ਰੀਜਨਲ ਪੁਲੀਸ ਦੇ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਵੱਲੋਂ ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਵਿਭਾਗ ਅਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਂਟਾਰੀਓ (CISO) ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ। ਪੁਲੀਸ ਅਨੁਸਾਰ ਇਹ ਜਾਂਚ ਅਕਤੂਬਰ 2025 ਵਿੱਚ ਸ਼ੁਰੂ ਕੀਤੀ ਗਈ ਸੀ ਜੋ ਜੁਲਾਈ 2026 ਤੱਕ ਲਗਾਤਾਰ ਜਾਰੀ ਰਹੀ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਬਰਾਮਦ ਕੀਤੇ ਗਏ ਹਥਿਆਰਾਂ ਵਿੱਚੋਂ 15 ਹਥਿਆਰ ਅਮਰੀਕਾ ਤੋਂ ਲਿਆਂਦੇ ਗਏ ਸਨ, ਜਦਕਿ ਕਈ ਹਥਿਆਰ ਕੈਨੇਡਾ ਵਿੱਚ ਪੂਰੀ ਤਰ੍ਹਾਂ ਬੈਨ ਹਨ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੇ ਹਥਿਆਰਾਂ ਵਿੱਚੋਂ ਇੱਕ ਹਥਿਆਰ ਮਾਰਚ 2024 ਵਿੱਚ ਮਿਸੀਸਾਗਾ ਵਿੱਚ ਹੋਏ ਇੱਕ ਕਤਲ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਸੀ। ਫੋਰੈਂਸਿਕ ਜਾਂਚ ਰਾਹੀਂ ਇਸ ਪ੍ਰੋਜੈਕਟ ਤਹਿਤ ਫੜੇ ਗਏ ਹਥਿਆਰਾਂ ਦਾ ਸਬੰਧ ਜੀਟੀਏ ਵਿੱਚ ਹੋਈਆਂ 14 ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਵੀ ਜੋੜਿਆ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਟੀਫ਼ਨ ਪ੍ਰਕਾਸ਼ ਕੰਸਾਲਾ (24, ਨਿਵਾਸੀ ਸਕੁਆਰਬਰੋ), ਅਕਸ਼ੈ ਸ਼੍ਰੀਕਾਂਤਨ (24, ਨਿਵਾਸੀ ਐਜੈਕਸ), ਸਮੀ ਸ਼ੇਖ (28, ਨਿਵਾਸੀ ਮਿਸੀਸਾਗਾ) ਅਤੇ ਜਨੋਜ ਧਿਆਬਰਨ (23, ਨਿਵਾਸੀ ਟੋਰਾਂਟੋ) ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ 20-25 ਸਾਲ ਦੀ ਉਮਰ ਦੇ ਹਨ ਅਤੇ ਇਹਨਾਂ ’ਤੇ ਹਥਿਆਰਾਂ ਤੇ ਕਾਰਤੂਸਾਂ ਦੀ ਤਸਕਰੀ ਦੇ ਦੋਸ਼ ਲੱਗੇ ਹਨ। ਪੁਲੀਸ ਨੇ ਦੱਸਿਆ ਕਿ ਸਟੀਫ਼ਨ ਪ੍ਰਕਾਸ਼ ਕੰਸਾਲਾ ਅਤੇ ਜਨੋਜ ਧਿਆਬਰਨ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ, ਜਦਕਿ ਅਕਸ਼ੈ ਸ਼੍ਰੀਕਾਂਤਨ ਅਤੇ ਸਮੀ ਸ਼ੇਖ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਬਾਅਦ ਵਿੱਚ ਓਂਟਾਰੀਓ ਕੋਰਟ ਆਫ਼ ਜਸਟਿਸ ਅੱਗੇ ਪੇਸ਼ ਹੋਣਗੇ। ਪੁਲੀਸ ਨੇ ਮੁਲਜ਼ਮਾਂ ਦੀ ਨਸਲ, ਕੌਮੀਂਅਤ ਜਾਂ ਪਿਛੋਕੜ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਪੁਲੀਸ ਨੇ ਇਹ ਵੀ ਦੱਸਿਆ ਕਿ ਇਸ ਸਾਲ ਹੁਣ ਤੱਕ ਉਹ 125 ਅਪਰਾਧਿਕ ਹਥਿਆਰ ਬਰਾਮਦ ਕਰ ਚੁੱਕੇ ਹਨ।





