ਕੈਨੇਡਾ ਵਿੱਚ ਅਪਰਾਧਿਕ ਗਤੀਵਿਧੀਆਂ ਵਿਰੁੱਧ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ, ਯਾਰਕ ਰਿਜਨਲ ਪੁਲੀਸ (YRP) ਨੇ ਇੱਕ ਵੱਡੇ ਡਾਰਕ ਵੈੱਬ ਡਰੱਗ ਤਸਕਰੀ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਹੈ। ਇਸ ਅਪਰੇਸ਼ਨ ਤਹਿਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ’ਤੇ 80 ਤੋਂ ਵੱਧ ਦੋਸ਼ ਲਾਏ ਗਏ ਹਨ। ਪੁਲੀਸ ਮੁਤਾਬਕ ਇਹ ਗਰੁੱਪ ਕੈਨੇਡਾ ਵਿੱਚ ਡਾਰਕ ਵੈੱਬ ਰਾਹੀਂ ਨਸ਼ਿਆਂ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਅਤੇ ਸਰਗਰਮ ਨੈੱਟਵਰਕ ਸੀ।
ਜਨਵਰੀ 2026 ਵਿੱਚ ਸ਼ੁਰੂ ਕੀਤੀ ਗਈ ਇਸ ਜਾਂਚ ਦਾ ਨਾਂ ‘ਪ੍ਰੋਜੈਕਟ ਗੋਸਟਵਾਇਰ’ ਰੱਖਿਆ ਗਿਆ ਸੀ। ਡੈਟਾ-ਸਰਜੈਂਟ ਸਟੀਫਨ ਬੀਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਹ ਪਲੇਟਫ਼ਾਰਮ ਮੁੱਖ ਤੌਰ ’ਤੇ ਡਾਰਕ ਵੈੱਬ ਅਤੇ ਐਨਕ੍ਰਿਪਟਡ ਐਪਲੀਕੇਸ਼ਨਾਂ ਰਾਹੀਂ ਚਲਾਇਆ ਜਾਂਦਾ ਸੀ। ਇਹ ਆਨਲਾਈਨ ਮਾਰਕੀਟ ਪਲੇਸ ਖ਼ਾਸ ਤੌਰ ‘ਤੇ ਕੈਨੇਡੀਅਨ ਗਾਹਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਇਸ ਦੇ ਤਾਰ ਗਰੇਟਰ ਟੋਰਾਂਟੋ ਏਰੀਆ (GTA) ਨਾਲ ਜੁੜੇ ਹੋਏ ਸਨ।
ਜਾਂਚ ਤੋਂ ਪਤਾ ਲੱਗਿਆ ਕਿ “ਆਈਸ ਵਾਈਟ ਨੌਰਥ” ਨਾਂ ਦਾ ਇਹ ਨੈੱਟਵਰਕ ਸਾਲ 2022 ਤੋਂ ਚੱਲ ਰਿਹਾ ਸੀ ਅਤੇ ਇਸ ਨੂੰ ਆਨਲਾਈਨ ਗਾਹਕਾਂ ਵੱਲੋਂ 9,000 ਤੋਂ ਵੱਧ ਪੌਜ਼ੀਟਿਵ ਰਿਵਿਊ ਮਿਲੇ ਹੋਏ ਸਨ। ਇਹ ਗਰੁੱਪ ਹਰ ਮਹੀਨੇ 1,00,000 ਡਾਲਰ ਤੋਂ ਵੱਧ ਦੀ ਕਮਾਈ ਕਰ ਰਿਹਾ ਸੀ ਅਤੇ ਪਿਛਲੇ ਚਾਰ ਸਾਲਾਂ ਵਿੱਚ ਇਸ ਨੇ ਲੱਖਾਂ ਡਾਲਰ ਦੀ ਨਾਜਾਇਜ਼ ਕਮਾਈ ਕੀਤੀ ਸੀ।
ਵੇਰਵਿਆਂ ਅਨੁਸਾਰ ਇਸ ਨੈੱਟਵਰਕ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਯੋਜਨਾਬੱਧ ਅਤੇ ਕਾਰੋਬਾਰੀ ਤਰ੍ਹਾਂ ਦਾ ਸੀ। ਨਸ਼ਿਆਂ ਦੀ ਵਿੱਕਰੀ ਲਈ ਡਿਜੀਟਲ ਮਾਰਕੀਟ ਪਲੇਸ ’ਤੇ ਵਿਗਿਆਪਨ ਦਿੱਤੇ ਜਾਂਦੇ ਸਨ। ਇੱਕ ਮਾਮਲੇ ਵਿੱਚ “ਪਰਪਲ ਹੈਰੋਇਨ” ਦੇ ਨਾਂ ਹੇਠ ਨਸ਼ਾ ਵੇਚਿਆ ਗਿਆ, ਜਿਸ ਦੀ ਬਾਅਦ ਵਿੱਚ ਫੈਂਟਾਨਿਲ (Fentanyl) ਵਜੋਂ ਪਛਾਣ ਹੋਈ।
ਆਰਡਰ ਐਨਕ੍ਰਿਪਟਡ ਪਲੇਟਫ਼ਾਰਮਾਂ ਰਾਹੀਂ ਲਏ ਜਾਂਦੇ ਸਨ ਅਤੇ ਨਸ਼ਿਆਂ ਦੀ ਸਪਲਾਈ ਕੈਨੇਡਾ ਦੇ ਕਾਨੂੰਨੀ ਪੋਸਟਲ ਅਤੇ ਪਾਰਸਲ ਬੁਨਿਆਦੀ ਢਾਂਚੇ ਰਾਹੀਂ ਗਾਹਕਾਂ ਤੱਕ ਪਹੁੰਚਾਈ ਜਾਂਦੀ ਸੀ। ਇਸ ਨੈੱਟਵਰਕ ਰਾਹੀਂ ਫੈਂਟਾਨਿਲ, ਕੋਕੀਨ, ਮੈਥ, ਹੈਰੋਇਨ, ਐੱਮ.ਡੀ.ਐੱਮ.ਏ., ਐੱਲ.ਐੱਸ.ਡੀ. ਅਤੇ ਗੈਰ-ਕਾਨੂੰਨੀ ਪ੍ਰਸਕ੍ਰਿਪਸ਼ਨ ਗੋਲੀਆਂ ਸਣੇ ਕਈ ਖ਼ਤਰਨਾਕ ਪਦਾਰਥਾਂ ਦੀ ਤਸਕਰੀ ਕੀਤੀ ਜਾਂਦੀ ਸੀ।ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਅਨੁਮਾਨਤ ਸਟ੍ਰੀਟ ਕੀਮਤ ਲਗਪਗ 3ਮਿਲੀਅਨ ਡਾਲਰ ਹੈ।
ਪੁਲੀਸ ਨੇ ਮਿਸੀਸਾਗਾ ਵਿੱਚ ਸਥਿਤ ਇੱਕ ਲਗਜ਼ਰੀ ਪੈਂਟਹਾਊਸ ਕੰਡੋਂ ਨੂੰ ਇਸ ਨੈੱਟਵਰਕ ਦਾ ਮੁੱਖ ਕੇਂਦਰ ਦੱਸਿਆ ਹੈ। ਛਾਪੇਮਾਰੀ ਦੌਰਾਨ ਪੁਲੀਸ ਨੇ ਵੱਡੀ ਮਾਤਰਾ ਵਿੱਚ ਨਸ਼ੇ, ਇੱਕ ਪਾਬੰਦੀ ਸ਼ੁਦਾ ਹਥਿਆਰ ਅਤੇ 10 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਲਗਜ਼ਰੀ ਚੀਜ਼ਾਂ (ਜਿਵੇਂ ਕਿ ਤਿੰਨ ਵਾਹਨ, ਮਹਿੰਗੇ ਬੈਗ ਅਤੇ ਘੜੀਆਂ) ਬਰਾਮਦ ਕੀਤੀਆਂ। ਇਸ ਤੋਂ ਇਲਾਵਾ, ਪੁਲੀਸ ਇਤਿਹਾਸ ਵਿੱਚ ਪਹਿਲੀ ਵਾਰ ਡਿਜੀਟਲ ਉਪਕਰਨਾਂ ਰਾਹੀਂ 200,000 ਡਾਲਰ ਦੀ ਕ੍ਰਿਪਟੋਕਰੰਸੀ ਵੀ ਜ਼ਬਤ ਕੀਤੀ ਗਈ ਹੈ।
ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨੈੱਟਵਰਕ ਦੇ ਟੁੱਟਣ ਨਾਲ ਕੈਨੇਡਾ ਵਿੱਚ ਡਾਰਕ ਵੈੱਬ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।






