ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਦੇ ਅਧਿਕਾਰੀਆਂ ਨੇ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੱਕ ਯਾਤਰੀ ਦੇ ਸਮਾਨ ਵਿੱਚੋਂ 57 ਕਿਲੋ ਨਸ਼ਾ ਬਰਾਮਦ ਕਰਕੇ ਸਬੰਧਿਤ ਯਾਤਰੀ ਅਤੇ ਬਰਾਮਦ ਕੀਤਾ ਸਮਾਨ ਅਗਲੀ ਕਾਰਵਾਈ ਲਈ ਪੁਲੀਸ ਹਵਾਲੇ ਕਰ ਦਿੱਤਾ ਹੈ।
ਸੀਬੀਐੱਸਏ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਦੇ ਆਧਾਰ ’ਤੇ ਜਦੋਂ ਸ੍ਰੀਲੰਕਾ ਜਾ ਰਹੇ ਇੱਕ ਯਾਤਰੀ ਦੇ ਤਿੰਨ ਸੂਟਕੇਸ ਖੋਲ੍ਹ ਕੇ ਵੇਖੇ ਗਏ ਤਾਂ ਉਨ੍ਹਾਂ ਵਿੱਚੋਂ 44 ਕਿਲੋ ਹਸ਼ੀਸ਼ ਅਤੇ 13 ਕਿਲੋ ਕੋਕੀਨ ਮਿਲੀ। ਯਾਤਰੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਪੁੱਛਗਿੱਛ ਦੌਰਾਨ ਉਹ ਸਮਾਨ ਬਾਰੇ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਦੇ ਸਕਿਆ, ਜਿਸ ਤੋਂ ਬਾਅਦ ਉਸ ਨੂੰ ਬਰਾਮਦ ਕੀਤੇ ਨਸ਼ੇ ਸਮੇਤ ਹਵਾਈ ਅੱਡੇ ’ਤੇ ਤਾਇਨਾਤ ਪੁਲੀਸ ਅਧਿਕਾਰੀਆਂ ਦੇ ਸਪੁਰਦ ਕਰ ਦਿੱਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਏਜੰਸੀ ਕੋਲ ਹੁਣ ਅਜਿਹੇ ਆਧੁਨਿਕ ਸਾਧਨ ਉਪਲੱਬਧ ਹਨ, ਜਿਨ੍ਹਾਂ ਨਾਲ ਗ਼ਲਤ ਜਾਂ ਗ਼ੈਰ-ਕਾਨੂੰਨੀ ਸਮਾਨ ਦਾ ਪਤਾ ਲਗਾਉਣਾ ਕਾਫ਼ੀ ਸੌਖਾ ਹੋ ਗਿਆ ਹੈ। ਇਸ ਤੋਂ ਇਲਾਵਾ ਚੌਕਸੀ ਵੀ ਵਧਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਯਾਤਰੀ ਕਿਸੇ ਚਲਾਕੀ ਨਾਲ ਗ਼ਲਤ ਸਮਾਨ ਜਹਾਜ਼ ਵਿੱਚ ਨਾ ਲੈ ਕੇ ਜਾ ਸਕੇ। ਏਜੰਸੀ ਦੇ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕਰਨਾ ਪੁਲੀਸ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਇਸ ਲਈ ਨਸ਼ੀਲੇ ਪਦਾਰਥ ਅਤੇ ਸਬੰਧਿਤ ਵਿਅਕਤੀ ਪੁਲੀਸ ਨੂੰ ਸੌਂਪੇ ਗਏ ਹਨ।






