ਵਿਸ਼ਵ ਪੰਜਾਬੀ ਸਭਾ ਵੱਲੋਂ ਸਥਾਨਕ ਪੰਜਾਬੀ ਭਵਨ ਵਿੱਚ ਪੰਜਾਬੀ ਔਰਤ ਦੇ ਸਮਾਜ ਵਿੱਚ ਰੋਲ ਅਤੇ ਅਕਸ ਬਾਰੇ ਤਿੰਨ ਦਿਨ ਤੱਕ ਚੱਲੀ ਕਾਨਫਰੰਸ ਅੱਜ ਇੱਥੇ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਸਮਾਪਤ ਹੋ ਗਈ।
ਆਖ਼ਰੀ ਦਿਨ 10 ਪਰਚੇ ਪੜ੍ਹੇ ਤੇ ਵਿਚਾਰੇ ਗਏ, ਜਿਨ੍ਹਾਂ ਵਿੱਚ ਦੇਸ਼ਾਂ-ਵਿਦੇਸ਼ਾਂ ਦੀਆਂ ਔਰਤਾਂ ਸਾਹਮਣੇ ਖੜ੍ਹੀਆਂ ਮੁਸ਼ਕਲਾਂ ਬਾਰੇ ਮਾਨਸਿਕ ਤੇ ਸਮਾਜਿਕ ਖੋਜ ਵਾਲੇ ਵਿਦਵਤਾ ਭਰਪੂਰ ਪਰਚੇ ਪੜ੍ਹੇ ਗਏ। ਪਰਮਜੀਤ ਕੌਰ ਦਿਓਲ ਨੇ ਪੰਜਾਬੀ ਲੋਕ-ਧਾਰਾ ਵਿੱਚ ਔਰਤ ਦੇ ਸਥਾਨ ’ਤੇ ਖੁੱਲ੍ਹ ਕੇ ਚਰਚਾ ਕੀਤੀ। ਗੁਰਮਿੰਦਰ ਕੌਰ ਨੇ ਆਪਣੇ ਪਰਚੇ ਵਿੱਚ ਔਰਤ ਦੀ ਵਿਲੱਖਣਤਾ ਬਾਰੇ ਗੱਲ ਕੀਤੀ ਅਤੇ ਅਨੰਤ ਕੌਰ ਨੇ ਵਿਧਵਾ ਔਰਤਾਂ ਬਾਰੇ ਵਿਚਾਰ ਪੇਸ਼ ਕੀਤੇ। ਇਸੇ ਤਰ੍ਹਾਂ ਸੁੰਦਰਪਾਲ ਕੌਰ, ਸ਼ਰਨਜੀਤ ਕੌਰ, ਸੁਖਚਰਨਜੀਤ ਕੌਰ, ਮਨਪ੍ਰੀਤ ਕੌਰ ਸਹੋਤਾ, ਮੀਨੂ ਕਾਹਲੋਂ, ਸੁਰਿੰਦਰਜੀਤ ਕੌਰ ਗਿੱਲ, ਰੂਪ ਕਾਹਲੋਂ, ਬਲਵੀਰ ਰਾਏਕੋਟੀ ਅਤੇ ਪਰਮਿੰਦਰ ਕੌਰ ਸਵੈਚ ਨੇ ਔਰਤਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਪਰਚੇ ਪੜ੍ਹੇ।
ਜਿਨ੍ਹਾਂ ਉੱਪਰ ਟਿੱਪਣੀ ਕਰਦਿਆਂ ਡਾ. ਕਮਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਇਸ ਵਿੱਚ ਸਿਸਟਮ ਦਾ ਵੱਡਾ ਰੋਲ ਹੈ। ਮਰਦ ਸਮਾਜ ਵਿੱਚ ਔਰਤ ਦੀ ਨਿੱਜੀ ਆਜ਼ਾਦੀ ਦਾ ਵਚਨਬੱਧਤਾ ਨਾਲ ਖ਼ਿਆਲ ਰੱਖਣਾ ਚਾਹੀਦਾ ਹੈ। ਜੇ ਮਰਦ ਜਾਗੀਰਦਾਰੀ ਸੋਚ ਤੋਂ ਉੱਪਰ ਉੱਠ ਕੇ ਔਰਤ ਨਾਲ ਭਾਵਨਾਤਮਕ ਸਾਂਝ ਬਣਾਏਗਾ ਤਾਂ ਦੰਪਤੀ ਜੀਵਨ ਸਮਾਜ ਲਈ ਰੋਲ ਮਾਡਲ ਸਾਬਤ ਹੋਵੇਗਾ।
ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਸਤਿਕਾਰ ਦੇਣ ਦੀ ਥਾਂ ਉਸ ਬਾਰੇ ਤੰਜ ਘੜ ਦਿੱਤੇ ਗਏ ਹਨ, ਸਾਨੂੰ ਇਸ ਵਰਗ ਦੇ ਰੋਲ ਨੂੰ ਮਹਿਸੂਸ ਕਰਨ ਅਤੇ ਸਮਝਣ ਦੀ ਲੋੜ ਹੈ। ਹਰਜਸਪ੍ਰੀਤ ਕੌਰ ਗਿੱਲ (ਪ੍ਰੀਤ ਗਿੱਲ) ਨੇ ਕਿਹਾ ਕਿ ਔਰਤ-ਮਰਦ ਦੇ ਵੱਖ-ਵੱਖ ਰੋਲ ਹਨ, ਅਸੀਂ ਇੱਕ-ਦੂਜੇ ਨੂੰ ਘਟਾ ਕੇ ਨਹੀਂ ਦੇਖ ਸਕਦੇ। ਕਵਿੱਤਰੀ ਸੁਰਜੀਤ ਨੇ ਕਿਹਾ ਕਿ ਪੜ੍ਹੀਆਂ ਤੇ ਰੁਜ਼ਗਾਰ ਵਾਲੀਆਂ ਔਰਤਾਂ ਨੂੰ ਉਹ ਮੁਸ਼ਕਿਲਾਂ ਸਹਿਣ ਨਹੀਂ ਕਰਨੀਆਂ ਪੈਂਦੀਆਂ, ਜਿਹੜੀਆਂ ਘਰੇਲੂ ਔਰਤਾਂ ਨੂੰ ਝੱਲਣੀਆਂ ਪੈਂਦੀਆਂ ਹਨ, ਇਸ ਪਾੜੇ ਨੂੰ ਵਿੱਦਿਆ ਤੇ ਰੁਜ਼ਗਾਰ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ. ਬਬਲਜੀਤ ਕੌਰ, ਰਾਜਿੰਦਰ ਸੈਣੀ, ਜਗੀਰ ਕਾਹਲੋਂ, ਹਰਦਿਆਲ ਝੀਤਾ, ਡਾ. ਦਰਸ਼ਨਦੀਪ ਅਰੋੜਾ, ਵਰਿੰਦਰ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਹਰੀਸ਼ ਵਰਮਾ, ਪ੍ਰਭਜੋਤ ਰਠੌਰ, ਹਰਜੀਤ ਬਾਜਵਾ ਆਦਿ ਨੇ ਕਿਹਾ ਕਿ ਗੁਰਮਤਿ ਵਿੱਚ ਔਰਤਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ ਅਤੇ ਪੰਜਾਬੀ ਸਮਾਜ ਨੂੰ ਉਸੇ ਸੋਚ ‘ਤੇ ਪਹਿਰਾ ਦੇਣਾ ਚਾਹੀਦਾ ਹੈ।
ਕਾਨਫਰੰਸ ਵਿੱਚ ਡਾ. ਆਤਮਜੀਤ, ਦਲਬੀਰ ਕਥੂਰੀਆ ਅਤੇ ਵਰਿਆਮ ਸੰਧੂ ਦੀ ਅਗਵਾਈ ਵਿੱਚ ਮਤੇ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਜੰਗ ਦਾ ਵਿਰੋਧ ਕੀਤਾ ਗਿਆ (ਚਾਹੇ ਉਹ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਹੋਵੇ)। ਇਸ ਤੋਂ ਇਲਾਵਾ ਔਰਤ-ਮਰਦ ਦੀ ਬਰਾਬਰੀ, ਪੰਜਾਬ ਦੇ ਸਕੂਲਾਂ ਵਿੱਚ ਮਾਰਸ਼ਲ ਆਰਟ ਲਾਜ਼ਮੀ ਕਰਨ, ਪੰਜਾਬ ਦੇ ਸ਼ਹਿਰਾਂ-ਕਸਬਿਆਂ ਵਿੱਚ ਸਾਫ਼-ਸੁਥਰੇ ਰੈਸਟ ਰੂਮ ਬਣਾਉਣ ਅਤੇ ਇਸ਼ਤਿਹਾਰਾਂ ਵਿੱਚ ਔਰਤ ਦੇ ਅਕਸ ਨੂੰ ਨਾ ਵਿਗਾੜਨ ਦੇ ਮਤੇ ਪਾਸ ਕੀਤੇ ਗਏ।
ਲਹਿੰਦੇ ਪੰਜਾਬ ਦੀਆਂ ਕਵਿੱਤਰੀਆਂ ਤਾਹਿਰਾ ਸਰਾਂ ਅਤੇ ਹੁਜਮਾ ਦੀ ਅਗਵਾਈ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਰਾਣਾ ਸੱਗੂ, ਸਤੀਸ਼ ਗੁਲਾਟੀ, ਬਲਵਿੰਦਰ ਬਾਲਮ, ਨਵਤਾਜ, ਰਾਜਵੰਤ ਸੰਧੂ, ਦਲਵੀਰ ਰਿਆੜ, ਬਲਵੀਰ ਰਾਏਕੋਟੀ, ਪਰਮਜੀਤ ਦਿਓਲ, ਸੁਰਜੀਤ, ਖ਼ੁਦ ਤਾਹਿਰਾ ਤੇ ਹੁਜਮਾ ਨੇ ਕਵਿਤਾਵਾਂ ਪੇਸ਼ ਕੀਤੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਏ ਕਲਾਸੀਕਲ ਗਾਇਕ ਵੀਰ ਸੁਖਵੰਤ ਤੇ ਡਾ. ਸੁਖਨੈਨ ਨੇ ਗੀਤਾਂ ਦੀ ਛਹਿਬਰ ਲਾਈ।
ਅੰਤ ਵਿੱਚ ਨਾਹਰ ਸਿੰਘ ਔਜਲਾ ਦੀ ਨਿਰਦੇਸ਼ਨਾ ਹੇਠ ‘ਮੈਰਿਜ ਦਾ ਮਸਲਾ’ ਨਾਟਕ ਖੇਡਿਆ ਗਿਆ, ਜਿਸ ਦੇ ਪਾਤਰਾਂ ਨੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ। ਪੁਸਤਕ ਪ੍ਰੇਮੀਆਂ ਨੇ ਪ੍ਰਦਰਸ਼ਨੀ ਵਿੱਚੋਂ ਆਪਣੀਆਂ ਮਨਪਸੰਦ ਕਿਤਾਬਾਂ ਖ਼ਰੀਦੀਆਂ। ਵਾਈਸ ਪ੍ਰਧਾਨ ਬਲਵੀਰ ਕੌਰ ਰਾਏਕੋਟੀ ਨੇ ਸਭਾ ਦੇ ਸਾਲਾਨਾ ਕੰਮਾਂ ਦੀ ਰਿਪੋਰਟ ਪੜ੍ਹੀ। ਸਭਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਅਤੇ ਸਕੱਤਰ ਜਸਵਿੰਦਰ ਸਿੰਘ ਬਿੱਟਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।





