Balwant Singh Rajoana: ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਮੋਰਚੇ ਦੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਉਪਰਾਲੇ ਨਾਲ ਹੋਈ ਇਸ ਮੁਲਾਕਾਤ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਕਈ ਮਾਮਲੇ ਮੁੱਖ ਮੰਤਰੀ ਅੱਗੇ ਰੱਖੇ ਗਏ। ਦੋਵਾਂ ਧਿਰਾਂ ਵਿਚਾਲੇ ਇਸ ਮਾਮਲੇ ’ਤੇ ਅਗਲੀ ਗੱਲਬਾਤ 12 ਅਕਤੂਬਰ ਨੂੰ ਹੋਣੀ ਤੈਅ ਹੋਈ ਹੈ।
Rajoana ਦੀ ਸਜ਼ਾ ਮੁਆਫ਼ ਕਰਨ ਦਾ ਮਾਮਲਾ ਕੇਂਦਰ ਕੋਲ ਚੁੱਕਣ ਦੀ ਮੰਗ
ਇਸ ਮੌਕੇ ਮੋਰਚੇ ਦੇ ਵਫ਼ਦ ਨੇ ਬਲਵੰਤ ਸਿੰਘ ਰਾਜੋਆਣਾ(Balwant Singh Rajoana) ਦੀ ਮੌਤ ਦੀ ਸਜ਼ਾ ਮੁਆਫ਼ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲ ਲਿਖਤੀ ਤੌਰ ’ਤੇ ਮਾਮਲਾ ਚੁੱਕਣ ਦੀ ਮੰਗ ਕੀਤੀ। ਮੋਰਚੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨਗੇ।
ਇਸ ਤੋਂ ਇਲਾਵਾ ਜਥੇਦਾਰ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਭਿਓਰਾ ਸਮੇਤ ਹੋਰ ਬੰਦੀਆਂ ਦੀ ਰਿਹਾਈ ਦਾ ਮਾਮਲਾ ਵੀ ਕੇਂਦਰ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ ਗਿਆ।
ਪੈਰੋਲ ਤੇ ਜ਼ਮਾਨਤ ’ਤੇ ਆਏ ਬੰਦੀਆਂ ਦੀ ਪੱਕੀ ਰਿਹਾਈ ਦੀ ਮੰਗ
ਵਫ਼ਦ ਵੱਲੋਂ ਪੈਰੋਲ ਅਤੇ ਜ਼ਮਾਨਤ ’ਤੇ ਬਾਹਰ ਆਏ ਬੰਦੀਆਂ ਦੀ ਪੱਕੀ ਰਿਹਾਈ ਦੀ ਮੰਗ ਵੀ ਮੁੱਖ ਮੰਤਰੀ ਅੱਗੇ ਰੱਖੀ ਗਈ। ਇਸ ਤੋਂ ਇਲਾਵਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤਬਦੀਲੀ ਅਤੇ ਉਸ ਨਾਲ ਸਬੰਧਤ ਕਰੀਬ 30 ਵਿਅਕਤੀਆਂ ਦੀ ਰਿਹਾਈ ਦਾ ਮਾਮਲਾ ਵੀ ਚੁੱਕਿਆ ਗਿਆ।
ਮੋਰਚੇ ਨੇ ਲੰਮੇ ਸਮੇਂ ਤੋਂ ਬਿਨਾਂ ਮੁਕੱਦਮਾ ਚੱਲੇ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਦੇ ਕੇਸਾਂ ਦੇ ਨਿਪਟਾਰੇ ਦੀ ਮੰਗ ਕੀਤੀ। ਇਸ ਦੇ ਨਾਲ ਹੀ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਕੇਸਾਂ ਵਿੱਚ ਜਲਦ ਫੈਸਲਾ ਕਰਨ ਦੀ ਮੰਗ ਵੀ ਕੀਤੀ ।
12 ਅਕਤੂਬਰ ਦੀ ਅਗਲੀ ਗੱਲਬਾਤ ਤੋਂ ਪਹਿਲਾਂ ਖਰੜਾ ਤਿਆਰ ਕਰਨ ਦੀ ਹਦਾਇਤ
ਮੋਰਚੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਇਨ੍ਹਾਂ ਸਾਰੇ ਮਾਮਲਿਆਂ ਬਾਰੇ ਮੋਰਚੇ ਨਾਲ ਵਿਚਾਰ-ਵਟਾਂਦਰਾ ਕਰਕੇ 12 ਅਕਤੂਬਰ ਨੂੰ ਹੋਣ ਵਾਲੀ ਅਗਲੀ ਗੱਲਬਾਤ ਤੋਂ ਪਹਿਲਾਂ ਖਰੜਾ ਤਿਆਰ ਕਰਨ ਦੀ ਹਦਾਇਤ ਕੀਤੀ ਹੈ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਫੈਸਲੇ ਬਾਰੇ ਸਮੁੱਚੀ ਟੀਮ ਅਤੇ ਸਬੰਧਤ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮੋਰਚੇ ਦਾ ਮੁੱਖ ਮਕਸਦ ਬੰਦੀਆਂ ਦੀ ਰਿਹਾਈ ਲਈ ਯਤਨ ਕਰਨਾ ਹੈ ਅਤੇ ਇਹ ਕਿਸੇ ਵੀ ਰਾਜਨੀਤਿਕ ਧੜੇ ਵਜੋਂ ਕੰਮ ਨਹੀਂ ਕਰਦਾ। ਮੀਟਿੰਗ ਵਿੱਚ ਬਾਬਾ ਭੁਪਿੰਦਰ ਸਿੰਘ ਰਾਮਪੁਰ ਖੇੜਾ, ਪਾਲ ਸਿੰਘ ਫਰਾਂਸ, ਬਲਵਿੰਦਰ ਸਿੰਘ ਫਿਰੋਜ਼ਪੁਰ ਅਤੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਵੀ ਸ਼ਾਮਲ ਹੋਏ।





