ਮੈਨੀਟੋਬਾ ਦੇ ਮਸ਼ਹੂਰ ‘ਰੋਲੈਂਡ ਪੰਪਕਿਨ ਫੇਅਰ’ (ਕੱਦੂ ਮੇਲੇ) ਵਿੱਚ ਇੱਕ ਵਿਸ਼ਾਲ ਕੱਦੂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸਟੈਨਲੇ ਦੇ ਰਹਿਣ ਵਾਲੇ ਕੌਰਨੀ ਬੈਨਮੈਨ ਵੱਲੋਂ ਉਗਾਇਆ ਗਿਆ 1,725 ਪੌਂਡ (ਲਗਪਗ 782 ਕਿੱਲੋਗਰਾਮ) ਦਾ ਕੱਦੂ ਨਾ ਸਿਰਫ਼ ਇਸ ਮੁਕਾਬਲੇ ਦਾ ਜੇਤੂ ਬਣਿਆ, ਸਗੋਂ ਉਸ ਨੇ ਸੂਬੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਕੱਦੂ ਹੋਣ ਦਾ ਨਵਾਂ ਰਿਕਾਰਡ ਵੀ ਬਣਾ ਦਿੱਤਾ। ਇਸ ਜਿੱਤ ਲਈ ਕੌਰਨੀ ਨੂੰ 1,500 ਡਾਲਰ ਦਾ ਇਨਾਮ ਮਿਲਿਆ।
ਇਸ ਸਾਲਾਨਾ ਮੁਕਾਬਲੇ ਵਿੱਚ ਕੁੱਲ 20 ਵੱਡੇ ਕੱਦੂ ਲਿਆਂਦੇ ਗਏ ਸਨ। ਖ਼ਾਸ ਗੱਲ ਇਹ ਰਹੀ ਕਿ ਦੂਜਾ ਇਨਾਮ ਵੀ ਬੈਨਮੈਨ ਪਰਿਵਾਰ ਦੇ ਹਿੱਸੇ ਹੀ ਆਇਆ। ਕੌਰਨੀ ਦੀ ਪਤਨੀ ਹੇਲਨ ਬੈਨਮੈਨ ਨੇ 1,546 ਪੌਂਡ ਦਾ ਕੱਦੂ ਉਗਾ ਕੇ ਦੂਜਾ ਸਥਾਨ ਹਾਸਲ ਕੀਤਾ। ਇੰਨੇ ਭਾਰੀ ਕੱਦੂ ਨੂੰ ਖੇਤ ਤੋਂ ਮੇਲੇ ਤੱਕ ਲਿਆਉਣਾ ਬਹੁਤ ਔਖਾ ਸੀ। ਇਸ ਨੂੰ ਬੌਬਕੈਟ ਮਸ਼ੀਨ ਅਤੇ ਸਲਿੰਗ ਦੀ ਮਦਦ ਨਾਲ ਸਾਵਧਾਨੀ ਨਾਲ ਚੁੱਕ ਕੇ ਟ੍ਰੇਲਰ ਰਾਹੀਂ ਲਿਆਂਦਾ ਗਿਆ।
ਕੌਰਨੀ ਨੇ ਇਸ ਦੀ ਤਿਆਰੀ ਅਪਰੈਲ ਦੇ ਅਖੀਰ ਵਿੱਚ ਆਪਣੇ ਗੈਰਾਜ ਤੋਂ ਸ਼ੁਰੂ ਕੀਤੀ ਸੀ। ਮਈ ਵਿੱਚ ਖੇਤ ’ਚ ਲਗਾਉਣ ਤੋਂ ਬਾਅਦ ਭਾਰੀ ਮੀਂਹ ਅਤੇ ਪਾਣੀ ਭਰਨ ਕਾਰਨ ਪੌਦਿਆਂ ਦੇ ਪੱਤੇ ਪੀਲੇ ਪੈ ਗਏ ਸਨ ਅਤੇ ਵਾਧਾ ਰੁਕ ਗਿਆ ਸੀ, ਪਰ ਮੌਸਮ ਠੀਕ ਹੁੰਦੇ ਹੀ ਪੌਦੇ ਤੇਜ਼ੀ ਨਾਲ ਵਧਣ ਲੱਗੇ। ਸਿਖਰ ਦੇ ਦਿਨਾਂ ਵਿੱਚ ਕੱਦੂ ਦਾ ਭਾਰ ਹਰ ਰੋਜ਼ 40 ਤੋਂ 50 ਪੌਂਡ ਤੱਕ ਵਧ ਰਿਹਾ ਸੀ।
ਕੌਰਨੀ ਕੋਲ ਪਹਿਲਾਂ ਵੀ 2019 ਦਾ ਸਭ ਤੋਂ ਵੱਡੇ ਕੱਦੂ ਦਾ ਰਿਕਾਰਡ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਛੋਟੇ ਮੌਸਮ ਕਾਰਨ ਇਹ ਰਿਕਾਰਡ ਤੋੜਨਾ ਮੁਸ਼ਕਲ ਹੈ, ਪਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ। ਇਹ ਨਵਾਂ ਰਿਕਾਰਡ ਬਣਾਉਣ ਵਾਲਾ ਕੱਦੂ ਫਿਲਹਾਲ ਵਿੰਕਲਰ ਦੇ ਇੱਕ ਕਰਿਆਨੇ ਸਟੋਰ ਵਿੱਚ ਲੋਕਾਂ ਦੇ ਦੇਖਣ ਲਈ ਰੱਖਿਆ ਗਿਆ ਹੈ। ਬਾਕੀ ਵੱਡੇ ਕੱਦੂ ਚੈਰਿਟੀ ਲਈ ਦਾਨ ਕੀਤੇ ਗਏ ਹਨ, ਤਾਂ ਜੋ ਕੈਂਸਰ ਖੋਜ ਫੰਡ ਲਈ ਪੈਸੇ ਇਕੱਠੇ ਕੀਤੇ ਜਾ ਸਕਣ।





