ਰੂਸ ਨੇ ਬੁੱਧਵਾਰ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਕਰੀਬ ਇੱਕ ਦਰਜਨ ਹੋਰ ਖੇਤਰਾਂ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਵੱਡੇ ਪੱਧਰ ‘ਤੇ ਹਮਲੇ ਕੀਤੇ, ਜਿਨ੍ਹਾਂ ਵਿੱਚ ਚਾਰ ਬੱਚਿਆਂ ਸਮੇਤ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਯੂਕਰੇਨ ਨੂੰ ਇਸ ਹਮਲੇ ਦਾ ਖ਼ਦਸ਼ਾ ਪਹਿਲਾਂ ਤੋਂ ਹੀ ਸੀ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਖੁਫੀਆ ਏਜੰਸੀਆਂ ਮੁਤਾਬਕ, ਰੂਸ ਇੱਕ ”ਵੱਡੇ” ਹਮਲੇ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਯੂਕਰੇਨ ਨੂੰ ਹਮਲੇ ਦੀ ਜਾਣਕਾਰੀ ਸੀ, ਪਰ ਉਹ ਇਸਨੂੰ ਪੂਰੀ ਤਰ੍ਹਾਂ ਰੋਕ ਨਹੀਂ ਸਕਿਆ।
ਹਮਲੇ ਵਿੱਚ ਹੋਈਆਂ ਮੌਤਾਂ ਅਤੇ ਤਬਾਹੀ ਯੂਕਰੇਨ ਲਈ ਰੂਸ ਦੀਆਂ ਬੈਲਿਸਟਿਕ ਮਿਜ਼ਾਈਲਾਂ ਅਤੇ ਹਾਲ ਹੀ ਵਿੱਚ ਵਰਤੇ ਜਾ ਰਹੇ ਜੈੱਟ ਇੰਜਣ ਵਾਲੇ ਨਵੇਂ ਡਰੋਨਾਂ ਦਾ ਮੁਕਾਬਲਾ ਕਰਨ ਦੀ ਚੁਣੌਤੀ ਨੂੰ ਦਰਸਾਉਂਦੀਆਂ ਹਨ।
ਅਮਰੀਕਾ ਵਿੱਚ ਬਣੇ ਪੈਟ੍ਰੀਅਟ ਹਵਾਈ ਰੱਖਿਆ ਪ੍ਰਣਾਲੀਆਂ ਲਈ ਲੋੜੀਂਦੀਆਂ ਮਿਜ਼ਾਈਲਾਂ ਉਪਲਬਧ ਨਾ ਹੋਣ ਕਾਰਨ ਯੂਕਰੇਨ ਨੂੰ ਰੂਸੀ ਬੈਲਿਸਟਿਕ ਹਥਿਆਰਾਂ ਨੂੰ ਰੋਕਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਕਰੇਨ ਦੇ ਉੱਤਰੀ ਚੇਰਨੀਹਾਈਵ ਖੇਤਰ ਦੇ ਪ੍ਰਿਲੁਕੀ ਸ਼ਹਿਰ ਵਿੱਚ ਰੂਸੀ ਹਮਲੇ ਵਿੱਚ ਇੱਕ ਅਪਾਰਟਮੈਂਟ ਦੀ ਇਮਾਰਤ ਤਬਾਹ ਹੋ ਗਈ। ਗ੍ਰਹਿ ਮੰਤਰੀ ਇਹੋਰ ਵਿਹਿਵਸਕੀ ਅਨੁਸਾਰ, ਘਟਨਾ ਵਿੱਚ 13 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚ ਚਾਰ ਬੱਚੇ ਸ਼ਾਮਲ ਹਨ, ਜਦਕਿ 50 ਲੋਕ ਜ਼ਖ਼ਮੀ ਹੋ ਗਏ।
ਰਾਸ਼ਟਰਪਤੀ ਜ਼ੇਲੇਂਸਕੀ ਅਨੁਸਾਰ, ਰਾਜਧਾਨੀ ਕੀਵ ਸਮੇਤ ਤਿੰਨ ਹੋਰ ਯੂਕਰੇਨੀ ਸ਼ਹਿਰਾਂ ਵਿੱਚ ਵੀ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉੱਥੇ ਹੀ ਪੋਲਟਾਵਾ ਖੇਤਰ ਦੇ ਕ੍ਰੇਮੇਨਚੁਕ ਵਿੱਚ ਦੋ ਲੋਕਾਂ ਦੀ ਮੌਤ ਹੋਈ ਅਤੇ ਸੱਤ ਜ਼ਖ਼ਮੀ ਹੋ ਗਏ। ਖੇਤਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਵਿਤਾਲੀ ਦੀਆਕਿਵਨਿਚ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹੈ।
ਦੂਜੇ ਪਾਸੇ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸਦੀ ਫੌਜ ਨੇ ਰਾਤ ਵੇਲੇ ਯੂਕਰੇਨ ਵਿੱਚ ਮਿਜ਼ਾਈਲਾਂ ਅਤੇ ਡਰੋਨਾਂ ਦੇ ਉਤਪਾਦਨ ਤੇ ਭੰਡਾਰਣ ਨਾਲ ਜੁੜੇ ਉਦਯੋਗਿਕ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਵੱਡੇ ਪੱਧਰ ‘ਤੇ ਹਮਲਾ ਕੀਤਾ।
ਜਦਕਿ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਨੇ ਜਵਾਬੀ ਕਾਰਵਾਈ ਕਰਦਿਆਂ ਰੂਸ ਵਿੱਚ ਤੇਲ ਰਿਫਾਇਨਰੀਆਂ ਅਤੇ ਭੰਡਾਰਣ ਕੇਂਦਰਾਂ ‘ਤੇ ਲੰਮੀ ਦੂਰੀ ਦੇ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ।
ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਯੂਕਰੇਨ ਨੇ ਰੂਸ ਦੇ ਪਰਮ, ਸਮਾਰਾ ਅਤੇ ਅਸਤਰਾਖਾਨ ਖੇਤਰਾਂ ਵਿੱਚ ਦੋ ਤੇਲ ਅਦਾਰਿਆਂ ਅਤੇ ਇੱਕ ਸਿਖਲਾਈ ਕੇਂਦਰ ਨੂੰ ਨਿਸ਼ਾਨਾ ਬਣਾਇਆ। ਰੂਸੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।






