ਰੂਸ-ਯੂਕਰੇਨ ਜੰਗ ਵਿੱਚ ਆਸਟਰੇਲੀਆ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਆਸਟਰੇਲੀਆਈ ਸਰਕਾਰ ਮੁਤਾਬਕ ਹੁਣ ਤੱਕ ਯੂਕਰੇਨ ਲਈ ਕੁੱਲ ਮਦਦ ਲਗਪਗ 1.9 ਅਰਬ ਆਸਟਰੇਲੀਆਈ ਡਾਲਰ ਹੋ ਚੁੱਕੀ ਹੈ, ਜਿਸ ਵਿੱਚ 1.6 ਅਰਬ ਡਾਲਰ ਤੋਂ ਵੱਧ ਫ਼ੌਜੀ ਸਹਾਇਤਾ ਸ਼ਾਮਲ ਹੈ।
ਸਤੰਬਰ ਵਿੱਚ ਸਰਕਾਰ ਨੇ ਹੋਰ 60 ਮਿਲੀਅਨ ਡਾਲਰ ਦਾ ਪੈਕੇਜ ਦਿੱਤਾ, ਜਿਸ ਵਿੱਚ 45 ਮਿਲੀਅਨ ਡਾਲਰ ਦਾ ਫ਼ੌਜੀ ਸਾਮਾਨ ਵੀ ਸ਼ਾਮਲ ਹੈ। ਆਸਟਰੇਲੀਆ ਪਹਿਲਾਂ ਹੀ 120 ਬੁਸ਼ਮਾਸਟਰ, 56 ਐੱਮ-113 ਬਖ਼ਤਰਬੰਦ ਵਾਹਨ, 28 ਦਰਮਿਆਨੇ ਟਰੱਕ ਅਤੇ 49 ਐੱਮ-1ਏ-1 ਐਬਰਾਮਜ਼ ਟੈਂਕ ਦੇ ਚੁੱਕਾ ਹੈ। ਇਕੱਲੇ ਐਬਰਾਮਜ਼ ਟੈਂਕਾਂ ਦੀ ਕੀਮਤ ਲਗਪਗ 245 ਮਿਲੀਅਨ ਡਾਲਰ ਦੱਸੀ ਗਈ ਹੈ।
ਆਸਟਰੇਲੀਆ ਸਰਕਾਰ ਹੁਣ ਆਧੁਨਿਕ ‘ਬਲੇਡਹੌਲ’ ਵਾਹਨ ਭੇਜਣ ਦੀ ਤਿਆਰੀ ਕਰ ਰਹੀ ਹੈ, ਜੋ ਕਿ ਡਰਾਈਵਰ ਤੋਂ ਰਹਿਤ (ਡਰਾਈਵਰਲੈੱਸ) ਹੈ। ਇਸ ਦੀ ਸਮਰੱਥਾ ਕਰੀਬ 10 ਟਨ ਤੱਕ ਸਾਮਾਨ ਜਾਂ 20 ਫੁੱਟ ਦਾ ਕੰਟੇਨਰ ਨਿਰਧਾਰਤ ਸਥਾਨ ’ਤੇ ਪਹੁੰਚਾਉਣ ਦੀ ਹੈ। ਦੱਸਣਯੋਗ ਹੈ ਕਿ ਇਸ ਜੰਗ ਵਿੱਚ ਕੁਝ ਸਾਬਕਾ ਆਸਟਰੇਲੀਆਈ ਫ਼ੌਜੀਆਂ ਦੀ ਮੌਤ ਵੀ ਹੋਈ ਹੈ, ਜੋ ਯੂਕਰੇਨੀ ਫ਼ੌਜ ਨਾਲ ਵਲੰਟੀਅਰ ਵਜੋਂ ਲੜ ਰਹੇ ਸਨ।






