ਯੂਰਪੀ ਯੂਨੀਅਨ (ਈਯੂ) ਨੇ ਸੋਮਵਾਰ ਨੂੰ ਰੂਸ ਦੀ ਹਥਿਆਰ ਸਨਅਤ ਨਾਲ ਜੁੜੇ ਲਗਪਗ 1,600 ਰੂਸੀ ਵਿਅਕਤੀਆਂ ਅਤੇ ਉਨ੍ਹਾਂ ਕੰਪਨੀਆਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਨ੍ਹਾਂ ‘ਤੇ ਡਰੋਨ ਅਤੇ ਮਿਜ਼ਾਈਲ ਦੇ ਪੁਰਜ਼ੇ ਬਣਾਉਣ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ।
ਲਗਪਗ ਪੰਜ ਸਾਲ ਪਹਿਲਾਂ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਪਾਬੰਦੀਆਂ ਦੀ ਇਸ ਸਭ ਤੋਂ ਲੰਮੀ ਸੂਚੀ ਵਿੱਚ, ਯੂਰਪੀ ਯੂਨੀਅਨ ਨੇ ਯੂਕਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ”ਫ਼ਰਜ਼ੀ ਚੋਣਾਂ” ਕਰਵਾਉਣ, ਉਨ੍ਹਾਂ ਦਾ ਪ੍ਰਬੰਧ ਦੇਖਣ ਜਾਂ ਉਨ੍ਹਾਂ ਵਿੱਚ ਹਿੱਸਾ ਲੈਣ ਦੇ ਜ਼ਿੰਮੇਵਾਰ 77 ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਪਾਬੰਦੀਆਂ ਦਾ ਐਲਾਨ ਕਰਦਿਆਂ, ਈ ਯੂ ਦੀ ਵਿਦੇਸ਼ ਨੀਤੀ ਪ੍ਰਮੁੱਖ ਕਾਜਾ ਕਲਾਸ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਪਾਬੰਦੀਆਂ ”ਉਨ੍ਹਾਂ ਬੈਲਿਸਟਿਕ ਮਿਜ਼ਾਈਲਾਂ ਦੀ ਉਤਪਾਦਨ ਲੜੀ ਨਾਲ ਜੁੜੀਆਂ ਹਨ, ਜਿਨ੍ਹਾਂ ਦੀ ਵਰਤੋਂ ਰੂਸ ਹਰ ਰੋਜ਼ ਯੂਕਰੇਨੀ ਨਾਗਰਿਕਾਂ ਦੀ ਜਾਨ ਲੈਣ ਲਈ ਕਰਦਾ ਹੈ।”
ਉਨ੍ਹਾਂ ਕਿਹਾ, “ਇਹ ਮਾਸਕੋ ‘ਤੇ ਦਬਾਅ ਘਟਾਉਣ ਦਾ ਨਹੀਂ, ਸਗੋਂ ਇਸ ਨੂੰ ਵਧਾਉਣ ਦਾ ਸਮਾਂ ਹੈ।”
ਈ ਯੂ ਨੇ ਕਿਹਾ ਕਿ ਇਹ ਕੰਪਨੀਆਂ ਖ਼ੁਦ ਰੂਸੀ ਸਰਕਾਰ ਵੱਲੋਂ ਤਿਆਰ ਕੀਤੀ ਗਈ ਸੂਚੀ ਵਿੱਚ ਸ਼ਾਮਲ ਹਨ, “ਜੋ ਉਨ੍ਹਾਂ ਦੀ ਪਛਾਣ ਰੂਸੀ ਫ਼ੌਜੀ-ਉਦਯੋਗਿਕ ਕੰਪਲੈਕਸ ਦੇ ਹਿੱਸੇ ਵਜੋਂ ਕਰਦੀ ਹੈ ਅਤੇ ਇਸ ਲਈ ਉਹ ਸਬਸਿਡੀਆਂ ਲੈਣ ਦੇ ਹੱਕਦਾਰ ਹਨ।”
ਯੂਰਪੀ ਯੂਨੀਅਨ ਇਨ੍ਹਾਂ ਕੰਪਨੀਆਂ ਨੂੰ ਚਲਾਉਣ ਵਾਲੇ ਅਧਿਕਾਰੀਆਂ ਨੂੰ “ਰੂਸ ਦੇ ਫ਼ੌਜੀ ਅਤੇ ਉਦਯੋਗਿਕ ਢਾਂਚੇ ਦਾ ਸਹਿਯੋਗ ਕਰਨ ਵਾਲੇ” ਮੰਨਦੀ ਹੈ।






