Punjab Holidays 2027: ਪੰਜਾਬ ਸਰਕਾਰ ਨੇ ਸਾਲ 2027 ਦੌਰਾਨ ਸਰਕਾਰੀ ਦਫ਼ਤਰਾਂ ਵਿੱਚ ਮਨਾਈਆਂ ਜਾਣ ਵਾਲੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ 15 ਅਕਤੂਬਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ ਸਾਲ 2027 ਦੇ ਛੁੱਟੀਆਂ ਦੇ ਕਲੰਡਰ ਵਿੱਚ 32 ਗਜ਼ਟਿਡ ਛੁੱਟੀਆਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਾਰੇ ਸ਼ਨਿਚਰਵਾਰ ਅਤੇ ਐਤਵਾਰ ਵੀ ਛੁੱਟੀਆਂ ਵਜੋਂ ਦਰਜ ਹਨ। ਜ਼ਿਲ੍ਹਾ ਪੱਧਰ ’ਤੇ ਐਲਾਨੀਆਂ ਜਾਣ ਵਾਲੀਆਂ ਛੁੱਟੀਆਂ ਇਸ ਸੂਚੀ ਵਿੱਚ ਸ਼ਾਮਲ ਨਹੀਂ ਹਨ।
ਜਨਵਰੀ ਤੋਂ ਦਸੰਬਰ ਤੱਕ ਦੀਆਂ ਅਹਿਮ ਛੁੱਟੀਆਂ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 15 ਜਨਵਰੀ ਨੂੰ, ਗਣਤੰਤਰ ਦਿਵਸ 26 ਜਨਵਰੀ ਨੂੰ ਅਤੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ 20 ਫਰਵਰੀ ਨੂੰ ਹੋਵੇਗਾ। ਮਹਾ ਸ਼ਿਵਰਾਤਰੀ 6 ਮਾਰਚ, ਈਦ-ਉਲ-ਫਿਤਰ 10 ਮਾਰਚ ਅਤੇ ਹੋਲੀ 23 ਮਾਰਚ ਨੂੰ ਮਨਾਈ ਜਾਵੇਗੀ।
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ 23 ਮਾਰਚ ਨੂੰ, ਵਿਸਾਖੀ ਅਤੇ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਹਾੜਾ 14 ਅਪਰੈਲ ਨੂੰ ਅਤੇ ਈਦ-ਉਲ-ਜ਼ੁਹਾ (ਬਕਰੀਦ) 17 ਮਈ ਨੂੰ ਹੋਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 8 ਜੂਨ ਨੂੰ ਅਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਮਨਾਇਆ ਜਾਵੇਗਾ।
ਦੀਵਾਲੀ 29 ਅਕਤੂਬਰ ਨੂੰ, ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 14 ਨਵੰਬਰ ਨੂੰ
ਆਜ਼ਾਦੀ ਦਿਵਸ 15 ਅਗਸਤ, ਜਨਮ ਅਸ਼ਟਮੀ 25 ਅਗਸਤ ਅਤੇ ਮਹਾਤਮਾ ਗਾਂਧੀ ਦਾ ਜਨਮ ਦਿਹਾੜਾ 2 ਅਕਤੂਬਰ ਨੂੰ ਹੋਵੇਗਾ। ਦੁਸਹਿਰਾ 9 ਅਕਤੂਬਰ, ਮਹਾਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ 15 ਅਕਤੂਬਰ ਅਤੇ ਦੀਵਾਲੀ 29 ਅਕਤੂਬਰ ਨੂੰ ਮਨਾਈ ਜਾਵੇਗੀ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 14 ਨਵੰਬਰ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ 16 ਨਵੰਬਰ ਅਤੇ ਕ੍ਰਿਸਮਸ 25 ਦਸੰਬਰ ਨੂੰ ਹੋਵੇਗਾ।
ਨੋਟੀਫਿਕੇਸ਼ਨ ਵਿੱਚ ਚਾਰ ਰਾਖਵੀਆਂ ਛੁੱਟੀਆਂ ਦਾ ਵੀ ਜ਼ਿਕਰ ਹੈ, ਜਿਨ੍ਹਾਂ ਵਿੱਚੋਂ ਮੁਲਾਜ਼ਮ ਦੋ ਛੁੱਟੀਆਂ ਲੈ ਸਕਣਗੇ।





