India T20 Victory: ਭਾਰਤ ਨੇ ਤੀਜੇ ਟੀ 20 ਮੈਚ ਵਿਚ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 198 ਦੌੜਾਂ ਬਣਾਈਆਂ ਜਦਕਿ ਭਾਰਤ ਨੇ 13.2 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ’ਤੇ 199 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੀ-20 ਮੈਚ ਵਿੱਚ ਸਾਰਿਆਂ ਦੀਆਂ ਨਜ਼ਰਾਂ ਇੱਕ ਵਾਰ ਫਿਰ ਵੈਭਵ ਸੂਰਿਆਵੰਸ਼ੀ ’ਤੇ ਸਨ ਪਰ ਮੈਚ ਦਾ ਰੁਖ਼ ਅਭਿਸ਼ੇਕ ਸ਼ਰਮਾ ਨੇ ਬਦਲ ਦਿੱਤਾ। ਦੋਵਾਂ ਨੇ ਨਿਊਜ਼ੀਲੈਂਡ ਵੱਲੋਂ ਦਿੱਤੇ 199 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੇਂਦਬਾਜ਼ਾਂ ਦੀ ਇਕ ਨਾ ਚੱਲਣ ਦਿੱਤੀ।
ਅਭਿਸ਼ੇਕ ਨੇ ਸਿਰਫ਼ 15 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ, ਜਦਕਿ ਵੈਭਵ ਨੇ ਵੀ ਸ਼ਾਨਦਾਰ ਸ਼ਾਟ ਖੇਡੇ। ਦੋਵਾਂ ਦੀ ਸਲਾਮੀ ਜੋੜੀ ਨੇ ਸਿਰਫ਼ ਪੰਜ ਓਵਰਾਂ ਵਿੱਚ ਭਾਰਤ ਦਾ ਸਕੋਰ 100 ਦੌੜਾਂ ਤੋਂ ਪਾਰ ਪਹੁੰਚਾ ਦਿੱਤਾ। ਇਹ ਟੀ-20 ਕ੍ਰਿਕਟ ਵਿੱਚ ਸਭ ਤੋਂ ਤੇਜ਼ ਟੀਮ ਸੈਂਕੜੇ ਦਾ ਰਿਕਾਰਡ ਹੈ।
ਅਭਿਸ਼ੇਕ ਅਤੇ ਵੈਭਵ ਨੇ ਸਿਰਫ਼ 43 ਗੇਂਦਾਂ ਵਿੱਚ 133 ਦੌੜਾਂ ਜੋੜ ਕੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਬੇਵੱਸ ਕਰ ਦਿੱਤਾ। ਵੈਭਵ ਨੇ 19 ਗੇਂਦਾਂ ਵਿੱਚ 45 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਸੰਜੂ ਸੈਮਸਨ ਛੇਤੀ ਆਊਟ ਹੋ ਗਏ ਪਰ ਤਿਲਕ ਵਰਮਾ ਅਤੇ ਨਮਨ ਧੀਰ ਨੇ ਟੀਮ ਨੂੰ ਜਿੱਤ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ।
35 ਗੇਂਦਾਂ ਵਿੱਚ ਸੈਂਕੜਾ
ਅਭਿਸ਼ੇਕ ਸ਼ਰਮਾ ਨੇ ਆਪਣਾ ਹਮਲਾਵਰ ਅੰਦਾਜ਼ ਜਾਰੀ ਰੱਖਦਿਆਂ ਮਹਿਜ਼ 35 ਗੇਂਦਾਂ ਵਿੱਚ ਸੈਂਕੜਾ ਜੜ ਦਿੱਤਾ। ਇਹ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਉਸ ਦਾ ਚੌਥਾ ਸੈਂਕੜਾ ਹੈ। ਭਾਰਤ ਨੇ 13.2 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 199 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ਨੇ ਲੜੀ ’ਤੇ ਕੀਤਾ ਕਬਜ਼ਾ
ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਲੜੀ ਵਿੱਚ ਦੋ ਮੈਚ ਬਾਕੀ ਰਹਿੰਦਿਆਂ ਹੀ 3-0 ਦੀ ਲੀਡ ਹਾਸਲ ਕਰ ਲਈ ਹੈ। ਭਾਰਤੀ ਬੱਲੇਬਾਜ਼ਾਂ ਦੇ ਇਸ ਧਮਾਕੇਦਾਰ ਪ੍ਰਦਰਸ਼ਨ ਨੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।






