ਸੁਲਤਾਨਪੁਰ ਦੀ ਇੱਕ ਅਦਾਲਤ ਵੱਲੋਂ 2018 ਦੇ ਮਾਣਹਾਨੀ ਮਾਮਲੇ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਬਰੀ ਕੀਤੇ ਜਾਣ ਤੋਂ ਇੱਕ ਦਿਨ ਬਾਅਦ, ਕਾਂਗਰਸ ਆਗੂ ਨੇ ਮੰਗਲਵਾਰ ਨੂੰ ‘ਸਤਿਅਮ ਸ਼ਿਵਮ ਸੁੰਦਰਮ’ ਕੈਪਸ਼ਨ ਦੇ ਨਾਲ ਭਗਵਾਨ ਸ਼ਿਵ ਨਾਲ ਜੁੜੇ ਇੱਕ ਪਵਿੱਤਰ ਨਿਸ਼ਾਨ ‘ਤ੍ਰਿਪੁੰਡ ਤਿਲਕ’ ਦੀ ਤਸਵੀਰ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਇਹ ਪੋਸਟ ਸੁਪਰੀਮ ਕੋਰਟ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਨਾਲ ਸਬੰਧਤ ਜਨਹਿਤ ਯਾਚਿਕਾ (PIL) ਅਤੇ ਹੋਰ ਪਟੀਸ਼ਨਾਂ ’ਤੇ ਸੁਣਵਾਈ ਕਰਨ ਤੋਂ ਕੁਝ ਘੰਟੇ ਪਹਿਲਾਂ ਆਈ ਹੈ, ਜੋ ਹਾਲ ਹੀ ਵਿੱਚ ਵਿਸ਼ੇਸ਼ ਜਾਂਚ ਦੇ ਘੇਰੇ ਵਿੱਚ ਆਈਆਂ ਹਨ।
ਇਸ ਤੋਂ ਪਹਿਲਾਂ ਸੋਮਵਾਰ ਨੂੰ, ਰਾਹੁਲ ਗਾਂਧੀ ਨੂੰ ਭਾਜਪਾ ਦੇ ਉਸ ਵੇਲੇ ਦੇ ਪ੍ਰਧਾਨ ਅਮਿਤ ਸ਼ਾਹ ਬਾਰੇ ਦਿੱਤੇ ਬਿਆਨ ਨਾਲ ਸਬੰਧਤ 2018 ਦੇ ਮਾਣਹਾਨੀ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਸੀ। ਸੁਲਤਾਨਪੁਰ ਦੀ ਇੱਕ MP/MLA ਅਦਾਲਤ ਨੇ ਕਾਂਗਰਸ ਆਗੂ ਨੂੰ ਨਿਰਦੋਸ਼ ਪਾਇਆ।
ਇਹ ਮਾਮਲਾ 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੈਂਗਲੁਰੂ ਵਿੱਚ ਇੱਕ ਰੈਲੀ ਦੌਰਾਨ ਰਾਹੁਲ ਗਾਂਧੀ ਵੱਲੋਂ ਭਾਜਪਾ ਦੇ ਉਸ ਵੇਲੇ ਦੇ ਪ੍ਰਧਾਨ ਵਿਰੁੱਧ ਕੀਤੀਆਂ ਗਈਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਨਾਲ ਸਬੰਧਤ ਹੈ।
ਇਲਜ਼ਾਮ ਸੀ ਕਿ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਲੋਕ ਅਕਸਰ ਭੁੱਲ ਜਾਂਦੇ ਹਨ ਕਿ ਭਾਜਪਾ ਪ੍ਰਧਾਨ ’ਤੇ ਕਤਲ ਦਾ ਦੋਸ਼ ਲੱਗ ਚੁੱਕਾ ਹੈ। ਉਨ੍ਹਾਂ ਨੇ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਇੱਕ ਪਾਸੇ ਪਾਰਟੀ ਇਮਾਨਦਾਰੀ ਅਤੇ ਸ਼ਰਾਫਤ ਦਾ ਪ੍ਰਚਾਰ ਕਰਦੀ ਹੈ, ਜਦੋਂ ਕਿ ਦੂਜੇ ਪਾਸੇ ਅਜਿਹੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਗੂ ਨੂੰ ਅੱਗੇ ਵਧਾਉਂਦੀ ਹੈ। ਇਸੇ ਸ਼ਿਕਾਇਤ ਨੂੰ ਆਧਾਰ ਬਣਾ ਕੇ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ।






