ਸਨਅਤੀ ਸ਼ਹਿਰ ਦੇ ਸਭ ਤੋਂ ਤੰਗ ਇਲਾਕਿਆਂ ਵਿੱਚੋਂ ਇੱਕ,ਫੀਲਡਗੰਜ ਵਿਖੇ ਅੱਜ ਦੇਰ ਦੁਪਹਿਰ ਇੱਕ ਇਮਾਰਤ ਦੀ ਸਭ ਤੋਂ ਉਪਰਲੀ ਮੰਜ਼ਿਲ ’ਤੇ ਰੱਖੇ ਪਟਾਕਿਆਂ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਅੱਗ ਲੱਗਣ ਤੋਂ ਬਾਅਦ ਪਟਾਕੇ ਚੱਲਣ ਦੀਆਂ ਜ਼ੋਰਦਾਰ ਆਵਾਜ਼ਾਂ ਆਉਣ ਲੱਗੀਆਂ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਜਾਣਕਾਰੀ ਅਨੁਸਾਰ ਇਹ ਇਮਾਰਤ ‘ਆਪ’ ਆਗੂ ਗੋਲਡੀ ਸਭਰਵਾਲ ਦੀ ਹੈ। ਇਮਾਰਤ ਦੇ ਹੇਠਲੇ ਹਿੱਸੇ ਵਿੱਚ ਕੱਪੜਿਆਂ ਦੀ ਦੁਕਾਨ ਹੈ,ਜਦਕਿ ਸਭ ਤੋਂ ਉਪਰਲੀ ਮੰਜ਼ਿਲ ‘ਤੇ ਕਿਚਨ ਅਤੇ ਕਮਰੇ ਦੇ ਨਾਲ ਪਟਾਕੇ ਰੱਖੇ ਹੋਏ ਸਨ। ਅੱਗ ਲੱਗਣ ਤੋਂ ਬਾਅਦ ਪਟਾਕਿਆਂ ਦੇ ਧਮਾਕੇ ਨਾਲ ਉੱਥੇ ਇੱਕ ਕੰਧ ਡਿੱਗ ਗਈ,ਜਿਸ ਹੇਠ ਦੱਬਣ ਕਾਰਨ ਉੱਥੇ ਫਸੇ ਨੌਜਵਾਨ ਸਾਹਿਲ ਸਭਰਵਾਲ (27) ਦੀ ਮੌਤ ਹੋ ਗਈ। ਮ੍ਰਿਤਕ ‘ਆਪ’ ਆਗੂ ਦੇ ਚਾਚੇ ਦਾ ਲੜਕਾ ਸੀ।
ਸਥਾਨਕ ਲੋਕਾਂ ਦਾ ਕਹਿਣਾ ਹੈ ਹੈ ਕਿ ਇੱਥੇ ਪਟਾਕੇ ਸਟਾਕ ਕੀਤੇ ਹੋਏ ਸਨ। ਹਾਲਾਂਕਿ,‘ਆਪ’ ਆਗੂ ਦਾ ਕਹਿਣਾ ਹੈ ਕਿ ਇਹ ਪਿਛਲੇ ਸਾਲ ਦੇ ਪਏ ਹੋਏ ਪਟਾਕੇ ਸਨ,ਜਿਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਟੀਮ ਮੌਕੇ ‘ਤੇ ਪੁੱਜੀ। ਗਲੀਆਂ ਬਹੁਤ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਅੱਗ ‘ਤੇ ਕਾਬੂ ਪਾਉਣ ਅਤੇ ਬਚਾਅ ਕਾਰਜਾਂ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਦਸੇ ਦੀ ਖ਼ਬਰ ਮਿਲਦੇ ਹੀ ਹਲਕਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਮੌਕੇ ‘ਤੇ ਪਹੁੰਚੇ। ਪੁਲੀਸ ਅਤੇ ਫਾਇਰ ਬ੍ਰਿਗੇਡ ਵੱਲੋਂ ਬਚਾਅ ਕਾਰਜ ਲਗਾਤਾਰ ਜਾਰੀ ਹਨ।






