ਖਾਸ ਵਿੱਤੀ ਜ਼ਰੀਏ ਉਜਾਗਰ ਕਰਦਿਆਂ ਅਤੇ ਮੁਹਿੰਮ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਸਿੰਘ ਨੇ ਕਿਹਾ, “ਇਹ ਦਿਖਾਉਣ ਲਈ ਪੂਰੇ ਸਬੂਤ ਹਨ ਕਿ ਉਨ੍ਹਾਂ ਨੂੰ ਅਣ-ਅਧਿਕਾਰਤ ਸਰੋਤਾਂ, ਦੇਸ਼-ਵਿਰੋਧੀ ਐੱਨਜੀਓਜ਼ ਅਤੇ ਦੇਸ਼ ਦੇ ਅੰਦਰ ਤੇ ਬਾਹਰ ਦੀਆਂ ਦੇਸ਼-ਵਿਰੋਧੀ ਸੰਸਥਾਵਾਂ ਦੁਆਰਾ ਫੰਡ ਦਿੱਤੇ ਜਾ ਰਹੇ ਹਨ। ਵਿਦੇਸ਼ੀ ਫੰਡ ਪ੍ਰਾਪਤ ਐੱਨਜੀਓਜ਼, ‘ਡੀਪ ਸਟੇਟ’ ਦੇ ਕਰਿੰਦੇ ਅਤੇ ਦੇਸ਼-ਵਿਰੋਧੀ ਤਾਕਤਾਂ ਇਸ ਬਿਆਨਬਾਜ਼ੀ ਨੂੰ ਘੜ ਰਹੀਆਂ ਹਨ। ਅਭਿਜੀਤ ਦੀਪਕੇ ਅਮਰੀਕਾ ਸਥਿਤ ਦਾਨੀਆਂ ਤੋਂ ਫੰਡ ਪ੍ਰਾਪਤ ਕਰ ਰਿਹਾ ਹੈ, ਆਸ਼ੂਤੋਸ਼ ਰਾਂਕਾ ਨੂੰ ਪਾਕਿਸਤਾਨੀ ਸਿਆਸਤਦਾਨਾਂ ਵੱਲੋਂ ਭੁਗਤਾਨ ਕੀਤਾ ਜਾਂਦਾ ਹੈ।”
ਦੂਜੇ ਪਾਸੇ, ਬੁੱਧਵਾਰ ਨੂੰ ਕਰਨਾਟਕ ਦੇ ਗ੍ਰਹਿ ਮੰਤਰੀ ਪ੍ਰਿਯੰਕ ਖੜਗੇ ਨੇ ਕਾਂਗਰਸ ਨੂੰ ਵਿਦੇਸ਼ੀ ਫੰਡਿੰਗ ਦੇ ਦੋਸ਼ਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਪਲਟਵਾਰ ਕਰਦਿਆਂ ਦਾਅਵਿਆਂ ਪਿੱਛੇ ਸਬੂਤਾਂ ‘ਤੇ ਸਵਾਲ ਚੁੱਕੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੀ ਵਿਚੋਲਗੀ (ਮੋਡਰੇਟਰ) ਹੇਠ ਇਸ ਮੁੱਦੇ ‘ਤੇ ਖੁੱਲ੍ਹੀ ਬਹਿਸ ‘ਚ ਸ਼ਾਮਲ ਹੋਣ ਦੀ ਚੁਣੌਤੀ ਦਿੱਤੀ।
ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਖੜਗੇ ਨੇ ਬਿਨਾਂ ਕੋਈ ਸਬੂਤ ਪੇਸ਼ ਕੀਤੇ ਅਜਿਹੇ ਦਾਅਵੇ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਇੰਟੈਲੀਜੈਂਸ ਬਿਊਰੋ (IB) ਤੇ ਰਿਸਰਚ ਐਂਡ ਅਨਾਲਿਸਿਸ ਵਿੰਗ (RAW) ਸਮੇਤ ਖੁਫੀਆ ਏਜੰਸੀਆਂ ਦੀ ਯੋਗਤਾ ‘ਤੇ ਸਵਾਲ ਖੜ੍ਹੇ ਕੀਤੇ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਕਮਿਊਨਿਸਟ ਪਾਰਟੀ ਆਫ਼ ਇੰਡੀਆ (CPI) ਦੇ ਐੱਮਪੀ ਪੀ. ਸੰਤੋਸ਼ ਕੁਮਾਰ ਨੇ ਸ਼ਾਸਕ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਤਿੱਖਾ ਹਮਲਾ ਬੋਲਦਿਆਂ ਸਰਕਾਰ ‘ਤੇ ਵਿਦੇਸ਼ੀ ਦਖਲਅੰਦਾਜ਼ੀ ਦੇ ਅਣ-ਪ੍ਰਮਾਣਿਤ ਦਾਅਵਿਆਂ ਰਾਹੀਂ ਜਨਤਕ ਪ੍ਰਦਰਸ਼ਨਾਂ ਨੂੰ ਸਿਸਟਮੈਟਿਕ ਤਰੀਕੇ ਨਾਲ ਬਦਨਾਮ ਕਰਨ ਅਤੇ ਜਵਾਬਦੇਹੀ ਤੋਂ ਭੱਜਣ ਦਾ ਦੋਸ਼ ਲਾਇਆ।
ਜਨਤਕ ਅੰਦੋਲਨਾਂ ਦੇ ਖ਼ਿਲਾਫ਼ ਸੱਤਾਧਾਰੀ ਪਾਰਟੀ ਦੀ ਬਾਰ-ਬਾਰ ਸਾਹਮਣੇ ਆਉਂਦੀ ਬਿਆਨਬਾਜ਼ੀ ਨੂੰ ਸੰਬੋਧਨ ਕਰਦਿਆਂ ਕੁਮਾਰ ਨੇ ਦਾਅਵਾ ਕੀਤਾ ਕਿ ਵਿਦੇਸ਼ੀ ਫੰਡਿੰਗ ਦੇ ਦੋਸ਼ ਸੱਤਾਧਾਰੀ ਪਾਰਟੀ ਦਾ ਮੁੱਖ ਏਜੰਡਾ ਬਣ ਚੁੱਕੇ ਹਨ।
ਓਨ੍ਹਾਂ ਕਿਹਾ ਕਿ, ‘‘ਜਦੋਂ ਵੀ ਸਾਡੇ ਦੇਸ਼ ‘ਚ ਕੋਈ ਪ੍ਰਦਰਸ਼ਨ ਹੁੰਦਾ ਹੈ, ਤਾਂ ਵਿਦੇਸ਼ੀ ਫੰਡਿੰਗ ਦਾ ਦੋਸ਼ ਭਾਜਪਾ ਦਾ ਮੁੱਖ ਏਜੰਡਾ ਬਣ ਜਾਂਦਾ ਹੈ।’’ (ਏਐੱਨਆਈ)





