ਪੁਰਾਣੀ ਦਿੱਲੀ ਦੇ ਚਾਵੜੀ ਬਾਜ਼ਾਰ ਇਲਾਕੇ ਵਿੱਚ ਵੀਰਵਾਰ ਸਵੇਰੇ ਇੱਕ ਤਿੰਨ ਮੰਜ਼ਿਲਾ ਨਿਰਮਾਣ ਅਧੀਨ (ਅੰਡਰ-ਕੰਸਟ੍ਰਕਸ਼ਨ) ਇਮਾਰਤ ਢਹਿ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਦਿੱਲੀ ਫਾਇਰ ਸਰਵਿਸਿਜ਼ ਵੱਲੋਂ ਤੁਰੰਤ ਹੰਗਾਮੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ।
ਸ਼ੁਰੂਆਤ ਵਿੱਚ ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਗਿਆ ਸੀ, ਜਿਸ ਤੋਂ ਬਾਅਦ ਮੌਕੇ ’ਤੇ ਕਈ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ। ਇਮਾਰਤ ਡਿੱਗਣ ਸਮੇਂ ਇਸ ਦੇ ਅੰਦਰ ਕੁੱਲ ਕਿੰਨੇ ਵਿਅਕਤੀ ਮੌਜੂਦ ਸਨ, ਇਸ ਬਾਰੇ ਤੁਰੰਤ ਸਹੀ ਜਾਣਕਾਰੀ ਨਹੀਂ ਮਿਲ ਸਕੀ ਸੀ।
ਇਹ ਘਟਨਾ ਚਾਵੜੀ ਬਾਜ਼ਾਰ ਮੈਟਰੋ ਸਟੇਸ਼ਨ ਦੇ ਸਾਹਮਣੇ ਸ਼ੀਸ਼ ਮਹਿਲ ਦੀ ਗਲੀ ਸੱਤਾਰਾ ਤੋਂ ਸਾਹਮਣੇ ਆਈ ਹੈ। ਅਧਿਕਾਰੀਆਂ ਅਨੁਸਾਰ ਇਮਾਰਤ ਡਿੱਗਣ ਸਬੰਧੀ ਐਮਰਜੈਂਸੀ ਕਾਲ ਸਵੇਰੇ 10.15 ਵਜੇ ਮਿਲੀ ਸੀ। ਫੋਨ ਕਰਨ ਵਾਲੇ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਨਿਰਮਾਣ ਅਧੀਨ ਇਮਾਰਤ ਡਿੱਗ ਗਈ ਹੈ ਅਤੇ ਕੁਝ ਲੋਕ ਅੰਦਰ ਫਸੇ ਹੋ ਸਕਦੇ ਹਨ।
ਮੁੱਢਲੇ ਜਾਇਜ਼ੇ ਤੋਂ ਬਾਅਦ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਵਾਧੂ ਨਫ਼ਰੀ (ਮੈਨਪਾਵਰ) ਅਤੇ ਇੱਕ ਸੀਨੀਅਰ ਅਧਿਕਾਰੀ ਦੀ ਮੰਗ ਕੀਤੀ ਗਈ।
ਪਹਿਲਾਂ ਦੋ ਵਾਟਰ ਟੈਂਡਰ (WTs), ਇੱਕ ਵਾਟਰ ਬਾਊਜ਼ਰ (WB), ਇੱਕ ਕੁਇੱਕ ਰਿਸਪੌਂਸ ਵਹੀਕਲ (QRV) ਅਤੇ ਇੱਕ ਇੰਸੀਡੈਂਟ ਰਿਸਪੌਂਸ ਟੀਮ (IRT) ਨੂੰ ਮੌਕੇ ’ਤੇ ਰਵਾਨਾ ਕੀਤਾ ਗਿਆ। ਇਸ ਤੋਂ ਬਾਅਦ ਇੱਕ ਹੋਰ ਵਾਟਰ ਟੈਂਡਰ ਅਤੇ ਅਸਿਸਟੈਂਟ ਡਿਵੀਜ਼ਨਲ ਅਫ਼ਸਰ (ADO) ਰਾਜੇਸ਼ ਸ਼ੁਕਲਾ ਵੀ ਮੌਕੇ ’ਤੇ ਪਹੁੰਚ ਗਏ।
ਬਚਾਅ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਕੁੱਲ ਛੇ ਯੂਨਿਟਾਂ ਨੂੰ ਕੰਮ ’ਤੇ ਲਗਾਇਆ ਗਿਆ।
ਮ੍ਰਿਤਕਾਂ ਦੀ ਪਛਾਣ, ਸੰਭਾਵਿਤ ਜ਼ਖ਼ਮੀਆਂ, ਨੁਕਸਾਨ ਦੇ ਵੇਰਵੇ ਅਤੇ ਇਮਾਰਤ ਡਿੱਗਣ ਦੇ ਕਾਰਨਾਂ ਬਾਰੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।





