ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਸਿਸਟਿਡ ਰੀਪ੍ਰੋਡਕਟਿਵ ਟੈਕਨਾਲੋਜੀ (ART) ਐਕਟ, 2021 ਦੀ ਵਿਆਖਿਆ ਕਰਦਿਆਂ ਫ਼ੈਸਲਾ ਸੁਣਾਇਆ ਹੈ ਕਿ 50 ਸਾਲ ਤੋਂ ਘੱਟ ਉਮਰ ਦੀ ਔਰਤ ਸੁਤੰਤਰ ਤੌਰ ’ਤੇ ਆਈਵੀਐੱਫ਼ (IVF) ਸਮੇਤ ਏਆਰਟੀ ਸੇਵਾਵਾਂ ਲੈ ਸਕਦੀ ਹੈ, ਭਾਵੇਂ ਉਸ ਦੇ ਪਤੀ ਨੇ 55 ਸਾਲ ਦੀ ਨਿਰਧਾਰਿਤ ਵੱਧ ਤੋਂ ਵੱਧ ਉਮਰ ਪਾਰ ਕਰ ਲਈ ਹੋਵੇ।
ਛੇ ਜੁੜੀਆਂ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਜਸਟਿਸ ਤ੍ਰਿਭੂਵਨ ਦਹੀਆ ਨੇ ਸਪੱਸ਼ਟ ਕੀਤਾ ਕਿ ਏਆਰਟੀ ਸੇਵਾਵਾਂ ਕਿਸੇ ਜੋੜੇ ਵੱਲੋਂ ਜਾਂ ਔਰਤ ਵੱਲੋਂ ਆਪਣੇ ਤੌਰ ’ਤੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਔਰਤ ਦੀ ਯੋਗਤਾ ਉਸ ਦੇ ਪਤੀ ਦੀ ਉਮਰ ’ਤੇ ਨਿਰਭਰ ਨਹੀਂ ਹੈ ਅਤੇ ਅਜਿਹਾ ਕੋਈ ਨੇਮ ਨਹੀਂ ਕਿ ਸਿਰਫ਼ ਜੋੜਾ ਹੀ ਕਲੀਨਿਕ ਤੱਕ ਪਹੁੰਚ ਕਰੇ।
ਹਾਲਾਂਕਿ, ਅਦਾਲਤ ਨੇ ਸਪੱਸ਼ਟ ਕੀਤਾ ਕਿ ਔਰਤਾਂ ਲਈ 50 ਸਾਲ ਅਤੇ ਮਰਦਾਂ ਲਈ 55 ਸਾਲ ਦੀਆਂ ਕਾਨੂੰਨੀ ਉਮਰ ਸੀਮਾਵਾਂ ਵੱਖਰੇ ਤੌਰ ’ਤੇ ਲਾਗੂ ਹੁੰਦੀਆਂ ਹਨ। ਜੇਕਰ ਦੋਵਾਂ ਵਿੱਚੋਂ ਕੋਈ ਵੀ ਵੱਧ ਤੋਂ ਵੱਧ ਉਮਰ ਪਾਰ ਕਰ ਜਾਂਦਾ ਹੈ, ਤਾਂ ਜੋੜੇ ਵਜੋਂ ਸੇਵਾਵਾਂ ਲੈਣ ਦਾ ਅਧਿਕਾਰ ਖ਼ਤਮ ਹੋ ਜਾਂਦਾ ਹੈ।
ਮੁੱਖ ਮਾਮਲੇ ਵਿੱਚ 47 ਸਾਲ ਦੀ ਉਮਰ ’ਚ ਜੋੜੇ ਦੇ ਨੌਂ ਭਰੂਣ (Embryos) ਫ੍ਰੀਜ਼ ਕੀਤੇ ਗਏ ਸਨ। ਦੋ ਯਤਨ ਅਸਫਲ ਰਹਿਣ ਤੋਂ ਬਾਅਦ ਔਰਤ 50 ਸਾਲ ਦੀ ਹੋ ਗਈ। ਜੋੜੇ ਨੇ ਬਚੇ ਭਰੂਣ ਦੀ ਵਰਤੋਂ ਦੀ ਇਜਾਜ਼ਤ ਮੰਗੀ। ਅਦਾਲਤ ਨੇ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਸਿਰਫ਼ ਪਹਿਲਾਂ ਭਰੂਣ ਫ੍ਰੀਜ਼ ਕਰਨ ਨਾਲ ਉਮਰ ਲੰਘਣ ਤੋਂ ਬਾਅਦ ਇਲਾਜ ਦਾ ਅਗਲਾ ਪੜਾਅ ਸ਼ੁਰੂ ਕਰਨ ਦਾ ਅਧਿਕਾਰ ਨਹੀਂ ਮਿਲ ਜਾਂਦਾ।
ਅਦਾਲਤ ਨੇ ਕਿਹਾ ਕਿ ਵਿਆਹੀ ਜਾਂ ਅਣਵਿਆਹੀ ਔਰਤ ਨੂੰ ਐਕਟ ਤਹਿਤ ਸੁਤੰਤਰ ਅਧਿਕਾਰ ਪ੍ਰਾਪਤ ਹੈ। ਇਸ ਲਈ 50 ਸਾਲ ਤੋਂ ਘੱਟ ਉਮਰ ਦੀਆਂ ਪਟੀਸ਼ਨਰ ਔਰਤਾਂ ਸੁਤੰਤਰ ਤੌਰ ’ਤੇ ਏਆਰਟੀ ਸੇਵਾਵਾਂ ਲੈ ਸਕਦੀਆਂ ਹਨ, ਭਾਵੇਂ ਪਤੀ 55 ਸਾਲ ਤੋਂ ਵੱਧ ਹੋਵੇ। ਪਰ ਇਹ ਛੋਟ ਉਸ ਔਰਤ ’ਤੇ ਲਾਗੂ ਨਹੀਂ ਹੋਵੇਗੀ ਜੋ ਆਪ 50 ਸਾਲ ਦੀ ਉਮਰ ਪਾਰ ਕਰ ਚੁੱਕੀ ਹੈ।




