ਐਸ ਏ ਐਸ ਨਗਰ, 22 ਫਰਵਰੀ – ਪੰਜਾਬ ਵਿਧਾਨ ਸਭਾ ਲਈ ਬੀਤੀ 20 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਖਾਸ ਗਲ ਇਹ ਰਹੀ ਕਿ ਇਸ ਵਾਰ ਵੱਡੀ ਗਿਣਤੀ ਵੋਟਰਾਂ ਨੇ ਜਿਥੇ ਆਪਣੇ ਦਿਲ ਦਾ ਭੇਦ ਕਿਸੇ ਨੂੰ ਨਹੀਂ ਦਸਿਆ, ਉਥੇ ਵੱਡੀ ਗਿਣਤੀ ਵੋਟਰਾਂ ਨੇ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਵੋਟ ਪਾਊਣ ਦੀ ਥਾਂ ਚੋਣ ਲੜ ਰਹੇ ਉਮੀਦਵਾਰ ਦੀ ਸ਼ਖਸ਼ੀਅਤ ਵੇਖ ਕੇ ਵੋਟਾਂ ਪਾਉਣ ਨੂੰ ਤਰਜੀਹ ਦਿਤੀ, ਜਿਸ ਕਾਰਨ ਪੰਜਾਬ ਵਿੱਚ ਆਉਣ ਵਾਲੇ ਚੋਣ ਨਤੀਜੇ ਕਾਫੀ ਹੱਦ ਤਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਗਈ ਹੈ।
ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਜਿੰਨੀਆਂ ਵੀ ਚੋਣਾਂ ਹੋਈਆਂ ਹਨ, ਉਹਨਾ ਵਿੱਚ ਅਕਸਰ ਕਿਸੇ ਨਾ ਕਿਸੇ ਪਾਰਟੀ ਦੇ ਪੱਖ ਵਿਚ ਹਵਾ ਚੱਲਣ ਕਾਰਨ ਵੋਟਾਂ ਪੈਣ ਦੇ ਦਿਨ ਤੋਂ ਪਹਿਲਾਂ ਅੰਦਾਜਾ ਲਗਾ ਲਿਆ ਜਾਂਦਾ ਸੀ ਕਿ ਅਗਲੀ ਸਰਕਾਰ ਕਿਸ ਪਾਰਟੀ ਦੀ ਬਣੇਗੀ ਅਤੇ ਆਮ ਤੌਰ ਤੇ ਪੰਜਾਬੀ ਵੋਟਰ ਸਮੇਂ ਦੀ ਸਰਕਾਰ ਵਿਰੁਧ ਵੋਟਾਂ ਪਾਊਂਦਾ ਰਿਹਾ ਹੈ। ਅਜਿਹਾ ਹੋਣ ਕਾਰਨ ਹੀ ਹਮੇਸ਼ਾ ਸੱਤਾ ਦੀ ਵਿਰੌਧੀ ਪਾਰਟੀ ਅਗਲੀ ਵਾਰੀ ਸੱਤਾ ਵਿਚ ਆਊਂਦੀ ਰਹੀ ਅਤੇ ਕਾਂਗਰਸ ਅਤੇ ਅਕਾਲੀ ਦਲ ਵਾਰੀ ਬਦਲ ਕੇ ਸੂਬੇ ਦੀ ਸੱਤਾ ਤੇ ਕਾਬਿਜ ਹੁੰਦੇ ਰਹੇ।
ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੱਖਰੇ ਰੰਗ ਵੇਖਣ ਵਿਚ ਆਏ। ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜ ਕੋਣੀ ਮੁਕਾਬਲੇ ਹੋਏ, ਇਨਾਂ ਚੋਣ ਮੁਕਾਬਲਿਆਂ ਦੌਰਾਨ ਵੱਡੀ ਗਿਣਤੀ ਵੋਟਰਾਂ ਨੇ ਸਿਆਸੀ ਪਾਰਟੀਆਂ ਦੀ ਥਾਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੇਖ ਕੇ ਵੋਟਾਂ ਪਾਈਆਂ। ਇਸ ਦੌਰਾਨ ਇਹ ਵੀ ਵੇਖਣ ਵਿੱਚ ਆਇਆ ਕਿ ਕੁਝ ਸਿਆਸੀ ਪਾਰਟੀਆਂ ਦੇ ਕੱਟੜ ਹਮਾਇਤੀਆਂ ਨੇ ਵੀ ਵਿਰੋਧੀ ਪਾਰਟੀ ਦੇ ਉਸ ਉਮੀਦਵਾਰ ਨੂੰ ਵੋਟਾਂ ਪਾ ਦਿਤੀਆਂ, ਜਿਸਨੇ ਉਹਨਾਂ ਦੇ ਇਲਾਕੇ ਵਿੱਚ ਵਿਕਾਸ ਕੰਮ ਕਰਵਾਏ ਸਨ ਅਤੇ ਲੋਕਾਂ ਦੇ ਦੁੱਖ ਸੁੱਖ ਵਿਚ ਲੰਬੇ ਸਮੇਂ ਤੋਂ ਸ਼ਾਮਿਲ ਹੁੰਦਾ ਆ ਰਿਹਾ ਸੀ। ਇਸ ਕਾਰਨ ਰਵਾਇਤੀ ਪਾਰਟੀਆਂ ਦੀ ਪੱਕੀ ਵੋਟ ਬਂੈਕ ਨੂੰ ਖੋਰਾ ਲਗਿਆ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਵੱਡੀ ਗਿਣਤੀ ਵੋਟਰਾਂ ਨੇ ਆਪੋ ਆਪਣੇ ਮੁਹੱਲੇ ਜਾਂ ਇਲਾਕੇ ਦੇ ਮੋਹਤਬਰ ਆਗੂਆਂ ਦੇ ਕਹੇ ਅਨੁਸਾਰ ਵੋਟਾਂ ਪਾਉਣ ਨੂੰ ਵੀ ਤਰਜੀਹ ਦਿਤੀ, ਕਿੳਂੁਕਿ ਅਜਿਹੇ ਵੋਟਰਾਂ ਦਾ ਕਹਿਣਾ ਸੀ ਕਿ ਇਹਨਾਂ ਮੋਹਤਵਰ ਆਗੂਆਂ ਦੇ ਕਹੇ ਅਨੁਸਾਰ ਵੋਟਾਂ ਪਾਉਣ ਕਾਰਨ ਉਹ ਵੇਲੇ ਕੁਵੇਲੇ ਸਰਕਾਰੇ ਦਰਬਾਰੇ ਆਪਣੇ ਜਰੂਰੀ ਕੰਮ ਇਹਨਾਂ ਮੋਹਤਵਰ ਆਗੂਆਂ ਤੋਂ ਕਰਵਾਉਣ ਜੋਗੇ ਹੋ ਜਾਂਦੇ ਹਨ। ਇਸ ਤਰਾਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੀ ਗਿਣਤੀ ਵੋਟਰਾਂ ਨੇ ਸਿਆਸੀ ਪਾਰਟੀਆਂ ਦੀ ਥਾਂ ਉਮੀਦਵਾਰ ਵੇਖ ਕੇ ਵੋਟਾਂ ਪਾਈਆਂ ਹਨ, ਜੋ ਕਿ ਪੰਜਾਬ ਦੇ ਚੋਣ ਨਤੀਜਿਆਂ ਨੂੰ ਕੁਝ ਹੱਦ ਤਕ ਪ੍ਰਭਾਵਿਤ ਕਰ ਸਕਦੀਆਂ ਹਨ।






