ਔਕਲੈਂਡ 22 ਫਰਵਰੀ, 2022: ਸਾਰੇ ਜਾਣਦੇ ਹਨ ਕਿ 2020 ਤੋਂ ਸ਼ੁਰੂ ਹੋਇਆ ਕੋਵਿਡ-19 ਜਿੱਥੇ ਵੱਡੇ-ਵੱਡੇ ਅੰਤਰਰਾਸ਼ਟਰੀ ਤੇ ਸਥਾਨਕ ਕਾਰੋਬਾਰ ਨਿਗਲ ਗਿਆ ਹੈ, ਉਥੇ ਹਵਾਈ ਅਤੇ ਸਮੁੰਦਰੀ ਰਸਤੇ ਇਕ ਦੂਜੇ ਦੇ ਨੇੜੇ ਹੋ ਰਹੇ ਸਮੁੱਚੇ ਸੰਸਾਰ ਨੂੰ ਵਾਇਰਸ ਦੇ ਜ਼ਰੀਏ ਹੋਰ ਦੂਰ ਕਰ ਗਿਆ ਹੈ। ਇਸ ਮੌਕੇ ਇਕ ਹਿੰਦੀ ਫਿਲਮ ਦਾ ਗੀਤ ‘ਜਾਨੇ ਕਹਾਂ ਗਏ ਵੋਹ ਦਿਨ, ਕਹਿਤੇ ਥੇ ਤੇਰੀ ਰਾਹ ਮੇਂ, ਨਜ਼ਰੋਂ ਕੋ ਹਮ ਵਿਛਾਏਗੇਂ’, ਜ਼ਰੂਰ ਯਾਦ ਆਉਂਦਾ ਹੈ।
ਸੱਚਮੁੱਚ ਅੰਤਰਰਾਸ਼ਟਰੀ ਸਰਹੱਦਾਂ ਦੇ ਬੰਦ ਹੋਣ ਕਰਕੇ ਲੋਕ ਆਪਣੇ ਪਿਆਰੇ ਪਰਿਵਾਰਾਂ ਤੋਂ ਪੱਕੇ ਵਿਛੜਿਆਂ ਵਾਂਗ ਹੋ ਗਏ, ਹਵਾਈ ਅਡਿਆਂ ਉਤੇ ‘ਜੀ ਆਇਆਂ’ ਕਹਿਣ ਵਾਲੇ ਸ਼ਬਦ ਵੀ ਆਪਣੇ ਆਪ ਨੂੰ ਨਵੇਂ ਰੂਪ ਅਤੇ ਨਵੇਂ ਰੰਗ ਵਿਚ ਨਾ ਵੇਖ ਸਕੇ। ਅੱਜ ਭਾਵੇਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੇ ਅੰਤਰਰਾਸ਼ਟਰੀ ਸਰਹੱਦਾਂ ਖੋਲ੍ਹਣ ਤੋਂ ਪਹਿਲਾਂ ‘ਵੈਲਕਮ ਇਨਟੂ ਨਿਊਜ਼ੀਲੈਂਡ’ ਦੇ ਕਿਤਾਬਚੇ ਨੂੰ ਜਾਰੀ ਕਰ ਦਿੱਤਾ ਹੈ ਕਿਉਂਕਿ ਐਤਵਾਰ ਨੂੰ ਇਥੇ ਸਿਲਸਿਲੇ ਵਾਰ ਅੰਤਰਾਰਸ਼ਟਰੀ ਯਾਤਰੀ ਆਉਣੇ ਸ਼ੁਰੂ ਹੋ ਜਾਣੇ ਹਨ।
ਨਿਊਜ਼ੀਲੈਂਡ ਦੇ ਵਿਚ ਕਰੋਨਾ ਦੀ ਮਾਰ ਦਾ ਦੁਰਪ੍ਰਭਾਵ ਇਸ ਗੱਲ ਤੋਂ ਵੀ ਵੇਖਿਆ ਜਾ ਸਕਦਾ ਹੈ ਕਿ ਇਥੇ ਦੇ 50 ਸਾਲਾਂ ਦੇ ਇਤਿਹਾਸ ਵਿਚ ਸਾਲ 2021 ਦੌਰਾਨ ਸਭ ਤੋਂ ਘੱਟ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜ਼ਾਈ ਰਹੀ। ਸਾਲ 2021 ਦੌਰਾਨ 3 ਲੱਖ 98 ਹਜ਼ਾਰ 600 ਲੋਕ ਇਥੇ ਆਏ ਜਦ ਕਿ 4 ਲੱਖ 27 ਹਜ਼ਾਰ 800 ਲੋਕਾਂ ਨੇ ਬਾਹਰ ਜਾਣ ਲਈ ਸਰਹੱਦਾਂ ਦੀ ਸੇਵਾ ਲਈ। ਇਸ ਤਰ੍ਹਾਂ ਕੁੱਲ 8 ਲੱਖ 26 ਹਜ਼ਾਰ 400 ਲੋਕ ਹੀ ਨਿਊਜ਼ੀਲੈਂਡ ਦੀ ਸਰਹੱਦ ਨੂੰ ਆਰ-ਪਾਰ ਕਰ ਸਕੇ। ਆਸਟਰੇਲੀਆ ਅਤੇ ਕੁੱਕ ਆਈਲੈਂਡ ਖੁੱਲ੍ਹਣ ਕਰਕੇ ਹੀ ਇਹ ਗਿਣਤੀ ਆ ਸਕੀ ਹੈ, ਨਹੀਂ ਤਾਂ ਇਹ ਹੋਰ ਘਟ ਹੋ ਜਾਣੀ ਸੀ। 60% ਲੋਕਾਂ ਨੇ ਤਾਂ ਆਸਟਰੇਲੀਆ ਦਾ ਹੀ ਆਣਾ-ਜਾਣਾ ਕੀਤਾ ਹੈ।
18% ਕੁੱਕ ਆਈਲੈਂਡ ਦੇ ਹਨ। ਨਿਊਜ਼ੀਲੈਂਡ-ਨਿਵਾਸੀ 2021 ਵਿੱਚ 142,900 ਵਿਦੇਸ਼ੀ ਦੌਰਿਆਂ ਤੋਂ ਵਾਪਿਸ ਪਰਤੇ ਹਨ ਜਦ ਕਿ ਇਹ ਗਿਣਤੀ ਇੱਕ ਸਾਲ ਪਹਿਲਾਂ 681,900 ਅਤੇ 2019 ਵਿੱਚ 31 ਲੱਖ ਸੀ।
27 ਫਰਵਰੀ ਤੋਂ ਅੰਤਰਰਾਸ਼ਟਰੀ ਬਾਰਡਰ ਸ਼ੁਰੂ: ਐਤਵਾਰ 27 ਫਰਵਰੀ ਰਾਤ 11.59 ਮਿੰਟ ਤੋਂ ਨਿਊਜ਼ੀਲੈਂਡ ਦੇ ਅੰਤਰਰਾਸ਼ਟਰੀ ਬਾਰਡਰ ਪੜਾਅਦਾਰ ਖੁੱਲ੍ਹਣ ਜਾ ਰਹੇ ਹਨ। ਪਹਿਲੇ ਗੇੜ ਵਿਚ ਯੋਗ ਯਾਤਰੀ ਆਸਟਰੇਲੀਆ ਤੋਂ ਇਥੇ ਪਹੁੰਚਣੇ ਸ਼ੁਰੂ ਹੋ ਜਾਣਗੇ ਅਤੇ ਉਨ੍ਹਾਂ ਨੂੰ ਮੈਨੇਜਡ ਆਈਸੋਲੇਸ਼ਨ ਦੇ ਵਿਚ ਨਹੀਂ ਰਹਿਣਾ ਪਵੇਗਾ। ਦੂਜਾ ਗੇੜ ਦੋ ਹਫਤਿਆਂ ਬਾਅਦ 13 ਮਾਰਚ ਤੋਂ ਪਹਿਲੇ ਗੇੜ ਦੀਆਂ ਸ਼ਰਤਾਂ ਨਾਲ ਬਾਕੀ ਮੁਲਕਾਂ ਨਾਲ ਸ਼ੁਰੂ ਹੋਵੇਗਾ।
ਮੌਤਾਂ ਦੇ ਵਿਚ ਵਾਧਾ: ਨਿਊਜ਼ੀਲੈਂਡ ਦੇ ਵਿਚ ਸਾਲ 2021 ਦੇ ਵਿਚ 34,932 ਮੌਤਾਂ ਦਰਜ ਹੋਈਆਂ ਹਨ ਜਦ ਕਿ 2020 ਦੇ ਵਿਚ ਇਹ 32,613 ਸਨ। ਸਾਲ 2021 ਦੇ ਵਿਚ 2,319 ਵੱਧ ਮੌਤਾਂ ਦਰਜ ਹੋਈਆਂ ਹਨ। ਮੌਤਾਂ ਦੇ ਪਿੱਛੇ ਬਜ਼ੁਰਗਾਂ ਦੀ ਗਿਣਤੀ ਸਮੇਤ ਕੁਝ ਹੋਰ ਕਾਰਨ ਵੀ ਹਨ। ਤਿੰਨਾਂ ਵਿਚੋਂ 2 ਮੌਤਾਂ 75 ਸਾਲ ਤੋਂ ਉਪਰ ਵਾਲਿਆਂ ਦੀਆਂ ਹੁੰਦੀਆਂ ਹਨ।
ਜ਼ਿੰਦਗੀ ਦੀ ਸੰਭਾਵਿਤ ਉਮਰ: ਤਾਜ਼ਾ ਅੰਕੜਿਆਂ ਮੁਤਾਬਿਕ ਅੱਜਕਲ੍ਹ ਨਵ ਜੰਮੇ ਮੁੰਡਿਆਂ ਦੀ ਸੰਭਾਵਿਤ ਉਮਰ 80.5 ਸਾਲ ਹੋਵੇਗੀ ਅਤੇ ਕੁੜੀਆਂ ਦੀ ਉਮਰ 84.1 ਸਾਲ ਤੱਕ ਜਾ ਸਕਦੀ ਹੈ। ਨਿਊਜ਼ੀਲੈਂਡ ਦੇ ਵਿਚ ਜ਼ਿੰਦਗੀ ਦੀ ਸੰਭਾਵਿਤ ਉਮਰ ਵਧਦੀ ਵਿਖਾਈ ਦਿੰਦੀ ਹੈ ਜਦ ਕਿ ਕਈ ਮੁਲਕਾਂ (ਇਟਲੀ, ਯੂ. ਕੇ.. ਅਮਰੀਕਾ ਅਤੇ ਫ੍ਰਾਂਸ) ਦੇ ਵਿਚ ਇਹ ਘਟਦੀ ਵੀ ਹੈ।






