ਸ੍ਰੀਨਗਰ, 24 ਫਰਵਰੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਸੈਲਾਨੀ ਸਥਾਨ ਸੋਨਮਰਗ ਪਹੁੰਚੇ ਕਰੀਬ 50 ਸੈਲਾਨੀਆਂ ਨੂੰ ਪੁਲੀਸ ਨੇ ਬਚਾ ਲਿਆ ਹੈ। ਕਸ਼ਮੀਰ ਵਿੱਚ ਪਿਛਲੇ ਦੋ ਦਿਨਾਂ ਤੋਂ ਬਰਫਬਾਰੀ ਤੋਂ ਬਾਅਦ ਸੋਨਮਰਗ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫਬਾਰੀ ਦੇਖਣ ਆਏ ਇਹ ਸੈਲਾਨੀ ਉਥੇ ਹੀ ਫਸ ਗਏ। ਜਿਨ੍ਹਾਂ ਨੂੰ ਪੁਲੀਸ ਨੇ ਮੁਹਿੰਮ ਚਲਾ ਕੇ ਸੁਰੱਖਿਅਤ ਬਾਹਰ ਕੱਢਿਆ। ਇਸ ਦੌਰਾਨ ਜ਼ਿਲ੍ਹਾ ਕਿਸ਼ਤਵਾੜ ਤੋਂ ਅਨੰਤਨਾਗ ਲਈ ਪੈਦਲ ਨਿਕਲਣ ਵਾਲੇ ਵਾਰਵਾਨ ਪਿੰਡ ਦੇ ਛੇ ਵਿਅਕਤੀ ਬਰਫ਼ਬਾਰੀ ਦੌਰਾਨ ਲਾਪਤਾ ਹੋ ਗਏ ਹਨ। ਫੌਜ ਨੇ ਉਨ੍ਹਾਂ ਨੂੰ ਲੱਭਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਅਜੇ ਤੱਕ ਲਾਪਤਾ ਲੋਕਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।






