ਮੱਧ ਪ੍ਰਦੇਸ਼, 25 ਫਰਬਰੀ – ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 200 ਫੁੱਟ ਤੋਂ ਵੱਧ ਡੂੰਘੇ ਬੋਰਵੈੱਲ ਵਿੱਚ ਡਿੱਗੇ 3 ਸਾਲ ਦੇ ਮਾਸੂਮ ਨੂੰ 16 ਘੰਟਿਆਂ ਤੋਂ ਵੱਧ ਚੱਲੀ ਰਾਹਤ ਮੁਹਿੰਮ ਤੋਂ ਬਾਅਦ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਐੱਨ. ਡੀ. ਆਰ. ਐੱਫ. ਦੇ ਡਿਪਟੀ ਕਮਾਂਡੈਂਟ ਦਿਨੇਸ਼ ਨੇ ਦੱਸਿਆ ਕਿ ਬਚਾਅ ਦਲ ਨੇ ਬੱਚੇ ਗੌਰਵ ਦੁਬੇ ਨੂੰ ਸਵੇਰੇ ਕਰੀਬ 4 ਵਜੇ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ। ਬੱਚੇ ਨੂੰ ਨੇੜੇ ਦੇ ਇਕ ਹਸਪਤਾਲ ਲਿਜਾਇਆ ਗਿਆ , ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਡਾਕਟਰਾਂ ਅਨੁਸਾਰ ਬਾਹਰ ਕੱਢੇ ਜਾਣ ਦੇ ਕਰੀਬ 8 ਘੰਟੇ ਪਹਿਲਾਂ ਹੀ ਬੱਚੇ ਦੀ ਦਮ ਘੁੱਟਣ ਨਾਲ ਮੌਤ ਹੋ ਚੁਕੀ ਸੀ ।
ਅਧਿਕਾਰੀਆਂ ਨੇ ਦੱਸਿਆ ਕਿ ਬੱਚਾ ਬੀਤੀ ਦੁਪਹਿਰ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 75 ਕਿਲੋਮੀਟਰ ਦੂਰ ਪਿੰਡ ਬਦਰਛੜ ਵਿੱਚ ਆਪਣੇ ਚਾਚੇ ਦੇ ਖੇਤ ਵਿੱਚ ਖੇਡਦੇ ਸਮੇਂ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ ਸੀ।
ਉਨ੍ਹਾਂ ਦੱਸਿਆ ਕਿ ਬਚਾਅ ਦਲ ਨੇ ਬੱਚੇ ਨੂੰ ਸਾਹ ਲੈਣ ਵਿੱਚ ਮਦਦ ਕਰਨ ਲਈ ਬੋਰਵੈੱਲ ਵਿੱਚ ਆਕਸੀਜਨ ਵੀ ਪਾਈ ਸੀ। ਐੱਨ. ਡੀ. ਆਰ . ਐੱਫ. ਤੋਂ ਇਲਾਵਾ ਜਬਲਪੁਰ ਤੋਂ ਰਾਜ ਆਫ਼ਤ ਪ੍ਰਤੀਕਿਰਿਆ ਫ਼ੋਰਸ ਵੀ ਬਚਾਅ ਮੁਹਿੰਮ ਵਿੱਚ ਸ਼ਾਮਲ ਹੋਈ ਸੀ।






