ਨਵੀਂ ਦਿੱਲੀ, 25 ਫਰਵਰੀ – ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐਮ.ਏ.) ਨੇ ਦਿੱਲੀ ਵਿੱਚ ਰਾਤ ਦੇ ਕਰਫਿਊ ਸਮੇਤ ਸਾਰੀਆਂ ਕੋਰੋਨਾ ਪਾਬੰਦੀਆਂ ਨੂੰ ਵਾਪਸ ਲੈਣ ਅਤੇ ਇਕ ਅਪ੍ਰੈਲ ਤੋਂ ਸਕੂਲ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਮਾਸਕ ਨਾ ਪਹਿਨਣ ਤੇ ਜੁਰਮਾਨੇ ਨੂੰ 2 ਹਜ਼ਾਰ ਰੁਪਏ ਤੋਂ ਘਟਾ ਕੇ 500 ਰੁਪਏ ਕਰ ਦਿੱਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ, ਜਿਸ ਨੂੰ ਦੇਖਦੇ ਹੋਏ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ। ਡੀ. ਡੀ. ਐਮ. ਏ. ਦੀ ਮੀਟਿੰਗ ਵਿੱਚ ਇਹ ਫ਼ੈਸਲੇ ਲਏ ਗਏ। ਡੀ.ਡੀ.ਐੱਮ.ਏ. ਨੇ ਸਾਰੀਆਂ ਪਾਬੰਦੀਆਂ ਵਾਪਸ ਲੈ ਲਈਆਂ ਹਨ, ਕਿਉਂਕਿ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਲੋਕਾਂ ਨੂੰ ਨੌਕਰੀਆਂ ਦੇ ਨੁਕਸਾਨ ਕਾਰਨ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੇਜਰੀਵਾਲ ਨੇ ਟਵੀਟ ਕੀਤਾ ਕਿ ਇਕ ਅਪ੍ਰੈਲ ਤੋਂ ਸਕੂਲ ਪੂਰੀ ਤਰ੍ਹਾਂ ਨਾਲ ਆਫ਼ਲਾਈਨ ਚਲਣਗੇ। ਮਾਸਕ ਨਹੀਂ ਪਹਿਨਣ ਤੇ ਜੁਰਮਾਨਾ 500 ਰੁਪਏ ਤੱਕ ਘੱਟ ਕੀਤਾ ਗਿਆ ਹੈ। ਸਾਰਿਆਂ ਨੂੰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਪਾਲਣਾ ਕਰਨਾ ਹੋਵੇਗਾ। ਸਰਕਾਰ ਸਖ਼ਤ ਨਿਗਰਾਨੀ ਰੱਖੇਗੀ। ਉੱਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੌਰਾਨ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਨਾਲ-ਨਾਲ ਟੀਕਾਕਰਨ ਤੇ ਵੀ ਜ਼ੋਰ ਦਿੱਤਾ ਗਿਆ।






