ਫਰਿਜ਼ਨੋ, 2 ਮਾਰਚ, 2022: ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ, ਕੈਲੀਫੋਰਨੀਆਂ ਵਿਖੇ ਕਿਸਾਨ ਸੰਘਰਸ਼ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਅਗਵਾਈ ਕਰਨ ਵਾਲੇ ਪੰਜਾਬੀ ਆਗੂ ਦੀਪ ਸਿੱਧੂ ਨੂੰ ਸਰਧਾਂਜਲੀਆਂ ਭੇਟ ਕਰਦੇ ਹੋਏ ਅਰਦਾਸ ਕੀਤੀ ਗਈ। ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਸਮੁੱਚੇ ਭਾਈਚਾਰੇ ਵਿਚ ਉਸ ਨੂੰ ਚਾਹੁਣ ਵਾਲਿਆਂ ਵਿੱਚ ਭਾਰਤ ਸਰਕਾਰ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ
ਦੀਪ ਸਿੱਧੂ ਪ੍ਰਤੀ ਬੇਸ਼ੱਕ ਕੁਝ ਲੋਕਾਂ ਵਿੱਚ ਨਿਰਾਸ਼ਤਾ ਰਹੀ, ਪਰ ਉਸ ਦੀ ਪੰਜਾਬੀ ਭਾਈਚਾਰੇ ਅਤੇ ਸਿੱਖ ਧਰਮ ਨੂੰ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਬੁਲਾਰਿਆਂ ਅਨੁਸਾਰ ਦੀਪ ਸਿੱਧੂ ਵਿਚ ਬਹੁਤ ਲੰਮੇ ਸਮੇਂ ਬਾਅਦ ਕੌਮ ਨੂੰ ਇਕ ਨਿੱਧੜਕ ਆਗੂ ਮਿਲਿਆ ਸੀ, ਜਿਸ ਨੇ ਸਿੱਖ ਕੌਮ ਦੇ ਨਾਲ-ਨਾਲ ਨੌਜਵਾਨਾਂ ਨੂੰ ਆਪਣੇ ਨਾਲ ਤੋਰਿਆ। ਉਹ ਆਪਣੀ ਗੱਲ ਦਲੀਲ ਨਾਲ ਕਹਿਣ ਦੀ ਹਿੰਮਤ ਰੱਖਦਾ ਸੀ। ਜੋ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਸੀ ਅਤੇ ਜੋ ਕਿ ਭਾਰਤ ਸਰਕਾਰ ਪਸੰਦ ਨਾ ਕਰ ਸਕੀ। ਉਸਦੀ ਸੜਕ ਹਾਦਸੇ ਵਿੱਚ ਹੋਈ ਮੌਤ ਸੰਬੰਧੀ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਜਿੱਥੇ ਦੀਪ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ, ਉੱਥੇ ਸਿੱਖ ਧਰਮ ਦੀ ਚੜਦੀਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਹੋਈ। ਅੰਤ ਦੀਪ ਸਿੱਧੂ ਦੀਆਂ ਪੰਜਾਬੀਅਤ ਅਤੇ ਕੌਮ ਪ੍ਰਤੀ ਯਾਦਾਂ ਨੂੰ ਸਾਂਝਾ ਕਰਦਾ ਇਹ ਸਮਾਗਮ ਸਮਾਪਤ ਹੋਇਆ।





