ਐਸ ਏ ਐਸ ਨਗਰ,5 ਮਾਰਚ – ਪੰਜਾਬ ਵਿਧਾਨ ਸਭਾ ਲਈ 20 ਫਰਵਰੀ ਨੂੰ ਪਈਆਂ ਵੋਟਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ ਅਤੇ ਚੋਣ ਨਤੀਜੇ ਆਉਣ ਤੋਂ ਪਹਿਲਾਂ ਚੋਣ ਨਤੀਜਿਆਂ ਸਬੰਧੀ ਸਿਰਫ ਅੰਦਾਜੇ ਅਤੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਚੋਣ ਨਤੀਜਿਆਂ ਸਬੰਧੀ ਵੱਖ੍ਰ ਵੱਖ ਇਲਾਕਿਆਂ ਵਿੱਚ ਖੁੰਡ ਚਰਚਾ ਵੀ ਹੋ ਰਹੀ ਹੈ। ਇਹਨਾਂ ਨਤੀਜਿਆਂ ਤੋਂ ਬਾਅਦ ਹੀ ਪਤਾ ਚਲੇਗਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਿਸ ਸਿਆਸੀ ਪਾਰਟੀ ਦੀ ਬਣੇਗੀ ਜਾਂ ਫਿਰ ਗਠਜੋੜ ਸਰਕਾਰ ਬਣੇਗੀ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿਸਾ ਲੈ ਚੁਕੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ ਅੰਦਰੂਨੀ ਜੋੜ ਤੋੜ ਵਿੱਚ ਲਗੀਆਂ ਹੋਈਆਂ ਹਨ। ਇਹਨਾਂ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਚੋਣ ਨਤੀਜਿਆਂ ਦਾ ਅੰਦਾਜਾ ਲਗਾ ਕੇ ਆਪਣੇ ਹਿਸਾਬ ਕਿਤਾਬ ਵਿੱਚ ਲੱਗੇ ਹੋਏ ਹਨ। ਵੱਖ ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਇਹ ਅੰਦਾਜਾ ਲਗਾ ਰਹੇ ਹਨ ਕਿ ਆਖਿਰ ਇਹਨਾਂ ਚੋਣਾਂ ਵਿੱਚ ਕਿਸ ਪਾਰਟੀ ਨੂੰ ਜਿੱਤ ਮਿਲੇਗੀ ਜਾਂ ਕਿਸੇ ਵੀ ਪਾਰਟੀ ਨੂੰ ਪੂਰੀ ਤਰ੍ਹਾਂ ਜਿੱਤ ਮਿਲਣ ਦੀ ਥਾਂ ਗਠਜੋੜ ਸਰਕਾਰ ਹੋਂਦ ਵਿੱਚ ਆਵੇਗੀ।
ਇਸ ਸਮੇਂ ਭਾਵੇਂ ਸਾਰੀਆਂ ਸਿਆਸੀ ਪਾਰਟੀਆਂ ਇਹਨਾਂ ਚੋਣਾਂ ਵਿੱਚ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ, ਪਰ ਇਸਦੇ ਬਾਵਜੂਦ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿਸਾ ਲੈ ਚੁਕੀਆਂ ਸਾਰੀਆਂ ਸਿਆਸੀ ਧਿਰਾਂ ਇਹ ਗੱਲ ਚੰਗੀ ਤਰ੍ਹਾਂ ਸਮਝਦੀਆਂ ਹਨ, ਕਿ ਇਸ ਵਾਰ ਪੰਜਾਬ ਵਿਧਾਨ ਸਭਾ ਵਿੱਚ ਬਹੁਮਤ ਪ੍ਰਾਪਤ ਕਰਕੇ ਆਪਣੀ ਇਕਲੀ ਪਾਰਟੀ ਦੇ ਦਮ ਤੇ ਸਰਕਾਰ ਬਣਾਉਣਾ ਬਹੁਤ ਮੁ੪ਕਿਲ ਹੈ। ਇਸ ਕਰਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵਲੋਂ ਹੁਣੇ ਤੋਂ ਦੂਜੀਆਂ ਸਿਆਸੀ ਪਾਰਟੀਆਂ ਦੇ ਸੰਭਾਵੀ ਜੇਤੂ ਉਮੀਦਵਾਰਾਂ ਨੂੰ ਡੋਰੇ ਪਾਏ ਜਾ ਰਹੇ ਹਨ ਤਾਂ ਕਿ ਜੇ ਉਹਨਾਂ ਦੀ ਪਾਰਟੀ ਨੂੰ ਬਹੁਮਤ ਨਾ ਮਿਲਿਆ ਤਾਂ ਦੂਜੀਆਂ ਸਿਆਸੀ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਦਾ ਅੰਦਰੂਨੀ ਜਾਂ ਬਾਹਰੀ ਸਮਰਥਣ ਲੈ ਕੇ ਆਪਣੀ ਸਰਕਾਰ ਬਣਾਈ ਜਾ ਸਕੇ। ਇਸ ਗਲ ਨੂੰ ਦੂਜੀਆਂ ਸਿਆਸੀ ਪਾਰਟੀਆਂ ਵੀ ਸਮਝ ਰਹੀਆਂ ਹਨ, ਇਸ ਕਰਕੇ ਕਈ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਨਾਲ ਲਗਾਤਾਰ ਸੰਪਰਕ ਕਾਇਮ ਕੀਤਾ ਹੋਇਆ ਹੈ ਅਤੇ ਆਪਣੇ ਉਮੀਦਵਾਰਾਂ ਦੀਆਂ ਗਤੀਵਿਧੀਆਂ ਤੇ ਤੇਜ ਨਜਰ ਰੱਖੀ ਜਾ ਰਹੀ ਹੈ।
ਜਿਸ ਤਰਾਂ ਚੋਣ ਨਤੀਜੇ ਆਉਣ ਤੋਂ ਪਹਿਲਾਂ ਸਿਰਫ ਅੰਦਾਜੇ ਦੇ ਆਧਾਰ ਤੇ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵਲੋਂ ਜੋੜ ਤੋੜ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ, ਉਸ ਤੋਂ ਪਤਾ ਚਲਦਾ ਹੈ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਣ ਵੀ ਬਣ ਸਕਦੇ ਹਨ ਅਤੇ 10 ਮਾਰਚ ਨੂੰ ਹੀ ਪਤਾ ਚੱਲੇਗਾ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿਆਸਤ ਕਿਸ ਪਾਸੇ ਦਾ ਰੁੱਖ ਕਰਦੀ ਹੈ।





